ਦਿੱਲੀ,17 ਫਰਵਰੀ (ਸਕਾਈ ਨਿਊਜ਼ ਬਿਊਰੋ)
ਰਾਜਧਾਨੀ ਦੇ ਦੱਖਣੀ ਦਿੱਲੀ ਦੀ ਪ੍ਰਮੁੱਖ ਸਿੱਖ ਸੰਸਥਾ ਕੇਂਦਰੀ ਗੁਰੂ ਸਿੰਘ ਸਭਾ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਣ ਵਾਲੀਆਂ ਆਮ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ।ਮੰਗਲਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਦਫ਼ਤਰ ‘ਚ ਕੇਂਦਰੀ ਗੁਰੂ ਸਿੰਘ ਸਭਾ ਦੇ ਮੁਖੀ ਤਰਵਿੰਦਰ ਸਿੰਘ ਮਰਵਾਹ ਨੇ ਪਰਮਜੀਤ ਸਿੰਘ ਸਰਨਾ ਦੀ ਅਗਵਾਈ ‘ਚ ਖੁੱਲ੍ਹਾ ਸਮਰਥਨ ਦੇਣ ਦਾ ਦਾਅਵਾ ਕੀਤਾ।ਸਾਬਕਾ ਵਿਧਾਇਕ ਰਹਿ ਚੁੱਕੇ ਤਰਵਿੰਦਰ ਸਿੰਘ ਮਰਵਾਹ ਸ਼ੀਲਾ ਦੀਕਸ਼ਤ ਦੇ ਕਾਰਜਕਾਲ ਦੌਰਾਨ ਕਈ ਅਹਿਮ ਅਹੁਦਿਆਂ ਦੀ ਜ਼ਿੰਮੇਵਾਰੀ ਵੀ ਨਿਭਾ ਚੁੱਕੇ ਹਨ। ਵਰਤਮਾਨ ‘ਚ ਦਿੱਲੀ ਗੁਰਦੁਆਰਾ ਕਮੇਟੀ ‘ਚ ਫੈਲੇ ਭ੍ਰਿਸ਼ਟਾਚਾਰ ਅਤੇ ਹੇਰਾ ਫੇਰੀ ਤੋਂ ਹਮੇਸ਼ਾ ਨਿਜਾਤ ਦਿਵਾਉਣ ਦੇ ਲਈ ਮਰਵਾਹ ਨੇ ਪਰਮਜੀਤ ਸਿੰਘ ਸਰਨਾ ਦਾ ਸਾਥ ਦੇਣ ਦਾ ਵੱਡਾ ਫੈਸਲਾ ਕੀਤਾ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ, ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਤੇ ਗੁਰਮੀਤ ਸਿੰਘ ਸ਼ੰਟੀ ਨੇ ਮਰਵਾਹ ਨੂੰ ਸਿਰੋਪਾਓ ਪਾ ਕੇ ਸਵਾਗਤ ਕੀਤਾ। ਮਰਵਾਹ ਦੇ ਨਾਲ ਹੀ ਕੇਂਦਰੀ ਗੁਰੂ ਸਿੰਘ ਸਭਾ ਨਾਲ ਜੁੜੇ ਸੈਕੜੇ ਸਿੱਖ ਸੰਗਤਾਂ ਤੇ ਵਰਕਰਾਂ ਨੇ ਵੀ ਸਰਨਾ ਦਲ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।
ਇਸ ਮੌਕੇ ਸਾਬਕਾ ਵਿਧਾਇਕ ਤੇ ਕੇਂਦਰੀ ਗੁਰੂ ਸਿੰਘ ਸਭਾ ਦੇ ਮੁਖੀ ਤਰਵਿੰਦਰ ਸਿੰਘ ਮਰਵਾਹ ਨੇ ਕਿਹਾ ਕਿ ਸ. ਪਰਮਜੀਤ ਸਿੰਘ ਸਰਨਾ ਨੇ ਆਪਣੇ ਕਾਰਜਕਾਲ ‘ਚ ਦਿੱਲੀ ਦੇ ਸਿੱਖ ਅਦਾਰਿਆਂ ਨੂੰ ਰਾਸ਼ਟਰੀ ਪੱਧਰ ‘ਤੇ ਪਹੁੰਚਾਇਆ ਸੀ। ਉਨ੍ਹਾਂ ਦੇ ਕਾਰਜਕਾਲ ‘ਚ ਕਈ ਨਵੇਂ ਵਿਦਿਅਕ ਅਦਾਰੇ ਖੋਲ੍ਹੇ ਗਏ। ਇਸ ਤੋਂ ਇਲਾਵਾ ਸਿਹਤ ਦੇ ਖੇਤਰ ‘ਚ ਬਾਲਾ ਸਾਹਿਬ ਹਸਪਤਾਲ ਦੇ ਨਾਂਅ ‘ਤੇ 500ਬਿਸਤਰਿਆਂ ਦਾ ਹਸਪਤਾਲ ਖੋਲ੍ਹਣ ਦੀ ਨੀਂਹ ਵੀ ਰੱਖੀ ਸੀ। ਪ੍ਰੰਤੂ ਵਿਰੋਧੀਆਂ ਨੇ ਗਲਤ ਪ੍ਰਚਾਰ ਕਰਕੇ ਦਿੱਲੀ ਕਮੇਟੀ ਦੀ ਸੱਤਾ ਹਾਸਲ ਕਰ ਲਈ ਅਤੇ ਹਸਪਤਾਲ ਵੀ ਬਣਾਉਣ ਤੋਂ ਰੁਕਵਾ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਸਰਨਾ ਵੱਲੋਂ ਦੁਬਾਰਾ ਹਸਪਤਾਲ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ, ਇਸ ਦਾ ਉਹ ਸਵਾਗਤ ਕਰਦੇ ਹਨ। ਮਰਵਾਹ ਨੇ ਕਿਹਾ ਕਿ ਹਸਪਤਾਲ ਬਣਨ ਨਾਲ ਲੱਖਾਂ ਗਰੀਬ ਪਰਿਵਾਰਾਂ ਦਾ ਇਲਾਜ ਹੋਏਗਾ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਤਰਵਿੰਦਰ ਮਰਵਾਹ ਦੇ ਆਉਣ ਨਾਲ ਪਾਰਟੀ ਹੋਰ ਮਜਬੂਤ ਹੋਵੇਗੀ ਅਤੇ ਜਿੱਤ ਦਾ ਰਾਹ ਸੌਖਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਹਾਲੇ ਕਈ ਹੋਰ ਕਮੇਟੀ ਮੈਂਬਰ ਹਨ ਜੋ ਉਨ੍ਹਾਂ ਦੀ ਪਾਰਟੀ ‘ਚ ਸ਼ਾਮਿਲ ਹੋਣਾ ਚਾਹੁੰਦੇ ਹਨ ਕਿਉਂਕਿ ਉਹ ਸਾਰੇ ਮੈਂਬਰ ਗੁਰਦੁਆਰਾ ਕਮੇਟੀ ਪ੍ਰਬੰਧਕਾਂ ਦੀ ਕਾਰਜਸ਼ੈਲੀ ਤੋਂ ਦੁਖੀ ਹਨ।
ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਤਰਵਿੰਦਰ ਮਰਵਾਹ ਦੱਖਣੀ ਦਿੱਲੀ ‘ਚ ਚੰਗਾ ਰਸੂਖ ਰੱਖਦੇ ਵਾਲੇ ਸਿੱਖ ਚਿਹਰਿਆਂ ‘ਚ ਮੰਨੇ ਜਾਂਦੇ ਹਨ।ਜਿਨ੍ਹਾਂ ਨੇ ਪੰਥਕ ਰਾਹ ਦੇ ਨਾਲ ਹੀ ਮੁੱਖ ਧਾਰਾ ਦੀ ਰਾਜਨੀਤੀ ‘ਚ ਲੰਮਾ ਸਫਰ ਤੈਅ ਕੀਤਾ ਹੈ। ਉਨ੍ਹਾਂ ਦੇ ਨਾਲ ਆਉਣ ਨਾਲ ਪਾਰਟੀ ਦਾ ਦਾਇਰਾ ਹੋਰ ਵੱਡਾ ਹੋਏਗਾ।
ਸਕੱਤਰ ਜਨਰਲ ਗੁਰਮੀਤ ਸਿੰਘ ਸ਼ੰਟੀ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ , ਸਾਰੇ ਇਤਿਹਾਸਕ ਗੁਰਦੁਆਰਿਆਂ ਅਤੇ ਵਿਦਿਅਕ ਅਦਾਰਿਆਂ ਨੂੰ ਬਰਬਾਦ ਹੋਣ ਤੋਂ ਬਚਾਉਣਾ ਜ਼ਰੂਰੀ ਹੋ ਗਿਆ ਹੈ। ਮੌਜੂਦਾ ਪ੍ਰਬੰਧਕਾਂ ਨੇ ਕਮੇਟੀ ਨੂੰ ਘਰ ਦੀ ਜਗੀਰ ਸਮਝ ਕੇ ਦੋਵੇਂ ਹੱਥਾਂ ਨਾਲ ਲੁੱਟਣ ‘ਚ ਕੋਈ ਕਸਰ ਨਹੀਂ ਛੱਡ ਰਹੇ ਅਤੇ ਮਨਮਰਜੀ ਦੇ ਫੈਸਲੇ ਲੈ ਰਹੇ ਹਨ। ਸ਼ੰਟੀ ਨੇ ਦਾਅਵਾ ਕੀਤਾ ਕਿ ਕਮੇਟੀ ਦੀ ਅੰਦਰੂਨੀ ਆਰਥਿਕ ਹਾਲਤ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ, ਜਿਸ ਦਾ ਖਾਮਿਆਜਾ ਕਮੇਟੀ ਅਤੇ ਸਕੂਲਾਂ ਦੇ ਸੈਕੜੇ ਮੁਲਾਜ਼ਮ ਭੁਗਤ ਰਹੇ ਹਨ। ਮੁਲਾਜ਼ਮਾਂ ਦਾ 6 ਮਹੀਨੇ ਤੋਂ ਪ੍ਰੋਵੀਡੈਂਟ ਫੰਡ ਨਹੀਂ ਜਮਾਂ ਕੀਤਾ ਗਿਆ ਹੈ, ਜਦਕਿ ਚਹੇਤਿਆਂ ਨੂੰ ਪੈਸੇ ਲੁਟਾਏ ਜਾ ਰਹੇ ਹਨ।