ਰੂਪਨਗਰ(ਮਨਪ੍ਰੀਤ ਸਿੰਘ ਚਾਹਲ), 31 ਮਾਰਚ 2023
ਰੂਪਨਗਰ ਪੁਲਿਸ ਨੇ ਰੂਪਨਗਰ ਦੇ ਕੁਰਾਲੀ ਰੋਡ ‘ਤੇ ਮੁਗਲਮਾਜਰੀ ਟੀ ਪੁਆਇੰਟ ਤੋਂ ਜੱਗੂ ਭਗਵਾਨਪੁਰੀਆ ਗੈਂਗ ਦੇ ਇੱਕ ਮੈਂਬਰ ਨੂੰ ਪੰਜ ਪਿਸਤੌਲਾਂ ਅਤੇ ਜਿੰਦਾ ਕਾਰਤੂਸਾਂ ਸਮੇਤ ਕਾਬੂ ਕੀਤਾ ਹੈ। ਬਟਾਲਾ ਪੁਲੀਸ ਕਥਿਤ ਇਰਾਦਾ ਕਤਲ ਦੇ ਕੇਸ ਵਿੱਚ ਲੋੜੀਂਦਾ ਹੈ। ਰੂਪਨਗਰ ਦੇ ਐਸਐਸਪੀ ਵਿਵੇਕਸ਼ੀਲ ਸੋਨੀ ਨੇ ਆਪਣੇ ਦਫ਼ਤਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਜੱਗੂ ਭਗਵਾਨਪੁਰੀਆ ਗਰੋਹ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਾਜਾਇਜ਼ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਧੰਦਾ ਕਰਦਾ ਹੈ।
ਕਾਬੂ ਕੀਤਾ ਗਿਆ ਮੁਲਜ਼ਮ ਮਲਕੀਤ ਸਿੰਘ ਉਰਫ਼ ਬਿੱਲਾ ਪੁੱਤਰ ਵੱਸਣ ਸਿੰਘ ਮੂਲ ਰੂਪ ਵਿੱਚ ਪਿੰਡ ਝਡਿਆਵਾਲਾ ਕਾਨੂੰਵਾਲ ਰੋਡ, ਜ਼ਿਲ੍ਹਾ ਬਟਾਲਾ ਦਾ ਰਹਿਣ ਵਾਲਾ ਹੈ, ਜੋ ਕਿ ਇਨ੍ਹੀਂ ਦਿਨੀਂ ਬਡਾਲਾ ਰੋਡ, ਖਰੜ, ਜ਼ਿਲ੍ਹਾ ਮੁਹਾਲੀ ਵਿੱਚ ਸਥਿਤ ਹਰਕਿਸ਼ਨ ਕਲੋਨੀ ਵਿਖੇ ਰਹਿ ਰਿਹਾ ਸੀ। ਐਸਐਸਪੀ ਨੇ ਦੱਸਿਆ ਕਿ ਬਟਾਲਾ ਵਿੱਚ 1 ਨਵੰਬਰ ਨੂੰ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਜਿਨ੍ਹਾਂ ਸੱਤ ਵਿਅਕਤੀਆਂ ਦੀ ਪਛਾਣ ਹੋਈ ਸੀ, ਉਨ੍ਹਾਂ ਵਿੱਚੋਂ ਇੱਕ ਮਲਕੀਤ ਸਿੰਘ ਬਿੱਲਾ ਹੈ, ਜੋ ਉਸ ਘਟਨਾ ਵਿੱਚ ਗੋਲੀ ਮਾਰ ਕੇ ਫਰਾਰ ਹੋ ਗਿਆ ਸੀ। ਉਦੋਂ ਤੋਂ ਉਹ ਖਰੜ ਇਲਾਕੇ ਵਿੱਚ ਰਹਿ ਰਿਹਾ ਸੀ।
ਟੈਕਨੀਕਲ ਇੰਟੈਲੀਜੈਂਸ ‘ਚ ਦੋਸ਼ੀ ਦੀ ਪਛਾਣ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ ਹੁਣ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਲਜ਼ਮਾਂ ਕੋਲੋਂ ਪੰਜ ਪਿਸਤੌਲ ਅਤੇ ਵੀਹ ਕਾਰਤੂਸ ਬਰਾਮਦ ਹੋਏ ਹਨ। ਬਰਾਮਦ ਕੀਤੇ ਗਏ ਪਿਸਤੌਲਾਂ ਵਿੱਚੋਂ 32 ਬੋਰ ਦੇ ਤਿੰਨ ਪਿਸਤੌਲ ਅਤੇ 20 ਕਾਰਤੂਸ ਅਤੇ 315 ਬੋਰ ਦੇ ਦੋ ਪਿਸਤੌਲ ਬਰਾਮਦ ਕੀਤੇ ਗਏ ਹਨ। ਐਸਐਸਪੀ ਨੇ ਦੱਸਿਆ ਕਿ ਮੁਲਜ਼ਮ ਬਿੱਲਾ ਖ਼ਿਲਾਫ਼ ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚ ਪੰਜ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਜਿਸ ਵਿੱਚ ਇਰਾਦਾ ਕਤਲ, ਹਮਲਾ, ਅਸਲਾ ਐਕਟ ਆਦਿ ਦੇ ਕੇਸ ਦਰਜ ਹਨ।