ਦੀਨਾਨਗਰ (ਬਿਊਰੋ ਰਿਪੋਰਟ), 22 ਜੂਨ 2022
ਪੰਜਾਬ ਪੁਲਿਸ ਦੇ ਥਾਣੇਦਾਰ ਦਾ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਬੈਂਕ ਏਟੀਐਮ ਕਾਰਡ ਬਦਲ ਕੇ ਬੈਂਕ ਖਾਤੇ ਵਿਚੋਂ 2.50 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਸਾਈਬਰ ਸੈੱਲ ਵੱਲੋਂ ਮਾਮਲੇ ਦੀ ਪੜਤਾਲ ਤੋਂ ਬਾਅਦ ਖੁਲਾਸਾ ਹੋਇਆ ਹੈ ਕਿ ਵੀਰ ਕੁਮਾਰ ਨਾਮਕ ਇਸ ਪੰਜਾਬ ਪੁਲਿਸ ਦੇ ਏ ਐੱਸ ਆਈ ਦੇ ਏਟੀਐਮ ਕਾਰਡ ਵਿਚੋਂ ਜਿਸ ਸਵਾਈਪ ਮਸ਼ੀਨ ਰਾਹੀਂ ਸਫਾਈਪ ਕਰਕੇ ਪੈਸੇ ਕੱਡਵਾਏ ਗਏ ਹਨ ਉਹ ਸਵਾਇਪ ਮਸ਼ੀਨ 197 ਕਮਯੁਨਿਕੇਸਨ ਦੇ ਨਾਂ ਤੇ ਜਾਰੀ ਕੀਤੀ ਗਈ ਹੈ ਜਿਸ ਦਾ ਮਾਲਕ ਨਿਰਵੈਰ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਸਿਰਸਾ ਹਰਿਆਣਾ ਹੈ। ਇਸ ਲਈ ਮਾਮਲਾ ਨਿਰਵੈਰ ਸਿੰਘ ਅਤੇ 2 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦਰਜ ਕੀਤਾ ਗਿਆ ਹੈ।
ਵੀਰ ਕੁਮਾਰ ਵਾਸੀ ਦੀਨਾਨਗਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਹ ਜ਼ਿਲਾ ਪਠਾਨਕੋਟ ਚ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਦਾ ਹੈ। ਉਸ ਦਾ ਬੈੰਕ ਖਾਤਾ hdfc ਦੀ ਦੀਨਾਨਗਰ ਬ੍ਰਾਂਚ ਵਿਚ ਹੈ। ਉਸ ਦੇ ਖਾਤੇ ਵਿਚ 2 ਲੱਖ 67 ਹਜ਼ਾਰ ਰੁਪਏ ਜਮ੍ਹਾਂ ਸਨ।
ਬੀਤੇ ਦਿਨੀਂ ਸਵੇਰੇ 10.30 ਵਜੇ ਉਹ ਦੀਨਾਨਗਰ ਦੇ ਐਕਸਿਸ ਬੈਂਕ ਦੇ ਏਟੀਐਮ ਵਿੱਚੋਂ ਪੈਸੇ ਕਢਵਾ ਰਿਹਾ ਸੀ ਤਾਂ ਦੋ ਨਾਮਲੂਮ ਵਿਅਕਤੀ ਇੱਕਦਮ ਉਸਦੇ ਪਿੱਛੇ ਏਟੀਐਮ ਦੇ ਅੰਦਰ ਆ ਗਏ ਅਤੇ ਜਦੋਂ ਉਸ ਨੇ ਆਪਣਾ ਕਾਰਡ ਮਸ਼ੀਨ ਵਿੱਚ ਪਾਇਆ ਅਤੇ ਪਾਸਵਰਡ ਲਗਾਇਆ ਤਾਂ ਇੱਕ ਆਦਮੀ ਉਸ ਨੂੰ ਕਹਿਣ ਲੱਗਾ ਕਿ ਤੁਹਾਡੇ ਕੋਡ ਦਾ ਚੌਥਾ ਅੱਖਰ ਮਸੀਨ ਤੇ ਸ਼ੋ ਨਹੀ ਹੋ ਰਿਹਾ ਅਤੇ ਆਪ ਪੈਸੇ ਕਢਵਾ ਕੇ ਦੇਣ ਦਾ ਝਾਂਸਾ ਦੇ ਕੇ ਉਸ ਦਾ ਏ ਟੀ ਐਮ ਕਾਰਡ ਲੈ ਲਿਆ ਪਰ ਫੇਰ ਵੀ ਪੈਸੇ ਨਹੀਂ ਨਿਕਲੇ ਤਾਂ ਉਸ ਦਾ ਕਾਰਡ ਵਾਪਿਸ ਕਰ ਦਿੱਤਾ ਗਿਆ।
ਪੀੜਤ ਏ ਐਸ ਆਈ ਅਨੁਸਾਰ ਕੁਝ ਸਮੇਂ ਬਾਅਦ ਉਹ ਬੈਂਕ ਵਿੱਚ ਪੈਸੇ ਨਾ ਨਿਕਲਨ ਦਾ ਕਾਰਨ ਪੁੱਛਣ ਲਈ ਗਿਆ ਤਾਂ ਪਤਾ ਲੱਗਿਆ ਕਿ ਉਸਦੇ ਖਾਤੇ ਵਿਚੋ ਤਿੰਨ ਟਰਾਂਜੈਕਸਨਾ ਰਾਹੀ 2 ਲੱਖ 49 ਹਜ਼ਾਰ 997 ਰੁਪਏ ਸਵਾਇਪ ਮਸੀਨ ਰਾਹੀ ਸਵੈਪ ਹੋਏ ਹਨ। ਦਰ ਅਸਲ ਏਟੀਐਮ ਵਿੱਚ ਆਏ ਵਿਅਕਤੀਆਂ ਵੱਲੋਂ ਉਸ ਦਾ ਕਾਰਡ ਬਦਲਕੇ ਸਵਾਈਪ ਮਸ਼ੀਨ ਰਾਹੀਂ ਪੈਸੇ ਕਢਵਾ ਲਏ ਗਏ ਸਨ।
ਇਸ ਸਬੰਧੀ ਜਦੋ ਡੀਐਸਪੀ ਰਾਜਵੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਵੀਰ ਕੁਮਾਰ ਦੀ ਸ਼ਿਕਾਇਤ ਤੇ ਨਿਰਵੈਰ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਸੰਤ ਨਗਰ ਸਿਰਸਾ ਹਰਿਆਣਾ ਅਤੇ ਦੋ ਨਾਮਲੂਮ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ਼ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਉੱਥੇ ਹੀ ਜਦੋਂ ਏਟੀਐਮ ਤੇ ਸਕਿਉਰਟੀ ਗਾਰਡ ਨਾ ਹੋਣ ਵਾਰੇ ਪੁਛਿਆ ਤਾਂ ਉਹਨਾਂ ਨੇ ਕਿਹਾ ਕਿ ਪੁਲਿਸ ਵਲੋਂ ਬੈੰਕ ਮੈਨੇਜਰਾਂ ਨੂੰ ਏਟੀਐਮ ਵਿੱਚ ਸਕਿਉਰਟੀ ਗਾਰਡ ਰੱਖਣ ਲਿਖਿਆ ਜਾ ਚੁੱਕਿਆ ਹੈ।