ਖਾਲੜਾ (ਰਿੰਪਲ ਗੋਲਣ),7 ਮਾਰਚ 2022
ਜ਼ਿਲ੍ਹਾ ਤਰਨ ਤਾਰਨ ਅਧੀਂਨ ਪੈਂਦੀ ਭਾਰਤ-ਪਾਕਿ ਸਰਹੱਦ ਵਿਖੇ ਬੀਤੀ ਰਾਤ ਬੀ.ਐੱਸ.ਐੱਫ. ਵੱਲੋਂ ਦਾਖ਼ਲ ਹੋਏ ਪਾਕਿਸਤਾਨੀ ਡਰੋਨ ਨੂੰ ਗੋਲੀਆਂ ਮਾਰ ਕੇ ਖਦੇੜ ਦੇਣ ਦੀ ਖਬਰ ਸਾਹਮਣੇ ਆਈ ਹੈ। ਇਕੱਤਰ ਹੋਈ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਕਰੀਬ 3 ਵਜੇ ਬੀ.ਐੱਸ.ਐੱਫ. ਦੀ 103 ਬਟਾਲੀਅਨ ਦੇ ਜਵਾਨਾਂ ਵੱਲੋਂ ਭਾਰਤ-ਪਾਕਿ ਸਰਹੱਦ ਨਜ਼ਦੀਕ ਕੰਡਿਆਲੀ ਤਾਰ ਨੇੜੇ ਗਸ਼ਤ ਕੀਤੀ ਜਾ ਰਹੀ ਸੀ।
ਗਸ਼ਤ ਦੌਰਾਨ ਬੀ.ਐੱਸ.ਐੱਫ. ਦੇ ਮੁਸ਼ਤੈਦ ਜਵਾਨਾਂ ਨੇ ਇੱਕ ਡਰੋਨ ਨੂੰ ਪਾਕਿਸਤਾਨ ਵਾਲੇ ਪਾਸਿਉ ਭਾਰਤ ਸਰਹੱਦ ਅੰਦਰ ਦਾਖਲ ਹੁੰਦੇ ਹੋਏ ਦੇਖਿਆ। ਜਦੋਂ ਡਰੋਨ ਭਾਰਤੀ ਖੇਤਰ ਅੰਦਰ ਜ਼ਿਆਦਾ ਵਧਦਾ ਨਜ਼ਰ ਆਇਆ ਤਾਂ ਬੀ.ਐੱਸ.ਐੱਫ. ਵੱਲੋਂ ਕਰੀਬ 4 ਦਰਜਨ ਰੌਂਦ ਫਾਇਰਿੰਗ ਕਰਦੇ ਹੋਏ ਡਰੋਨ ਨੂੰ ਹੇਠਾਂ ਸੁੱਟ ਲਿਆ ਗਿਆ। ਇਸ ਤੋਂ ਬਾਅਦ ਬੀ.ਐੱਸ.ਐੱਫ. ਵੱਲੋਂ ਡਰੋਨ ਨਾਲ ਬੰਨ੍ਹੀ ਹੋਈ 4 ਕਿੱਲੋ 410 ਗ੍ਰਾਮ ਹੈਰੋਇਨ ਦੀ ਖੇਪ ਨੂੰ ਆਪਣੇ ਕਬਜੇ ‘ਚ ਲੈ ਲਿਆ ਗਿਆ।
ਜ਼ਿਕਰਯੋਗ ਹੈ ਕਿ ਬੀ.ਐੱਸ.ਐੱਫ. ਵੱਲੋਂ ਜਬਤ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਜ਼ਾਰ ‘ਚ ਕੀਮਤ ਕਰੀਬ 22 ਕਰੋੜ ਰੁਪਏ ਦੱਸੀ ਜਾ ਰਹੀ ਹੈ। ਹਾਲਾਂਕਿ ਇਸ ਬਾਬਤ ਬੀ.ਐੱਸ.ਐੱਫ. ਦੇ ਕਿਸੇ ਵੀ ਅਧਿਕਾਰੀ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ, ਪਰ ਸੋਮਵਾਰ ਸਵੇਰੇ ਤੋਂ ਹੀ ਬੀ.ਐੱਸ.ਐੱਫ. ਅਤੇ ਪੁਲਸ ਦੀ ਸਾਂਝੀ ਟੀਮ ਵੱਲੋਂ ਤਲਾਸ਼ੀ ਅਭਿਆਨ ਜਾਰੀ ਹੈ।