ਧੂਰੀ, 23 ਨਵੰਬਰ (ਸਕਾਈ ਨਿਊਜ਼ ਪੰਜਾਬ ਬਿਊਰੋ)
26-27 ਨਵੰਬਰ ਦੇ ਦਿੱਲੀ ਚੱਲੋ ਪ੍ਰੋਗਰਾਮ ਤਹਿਤ ਪਿੰਡਾਂ ਵਿੱਚ ਤਿਆਰੀ ਪੂਰੇ ਜੋਰਾਂ-ਸ਼ੋਰਾਂ ਨਾਲ ਚਲ ਰਹੀ ਹੈ। ਮਾਵਾਂ-ਭੈਣਾਂ ਵੱਡੇ ਕਾਫਲੇ ਬਣਾ ਕੇ ਘਰ-ਘਰ ਦਿੱਲੀ ਚੱਲੋ ਦਾ ਹੋਕਾ ਦੇ ਰਹੀਆ ਹਨ ਅਤੇ ਪਿੰਡਾਂ ਵਿੱਚੋਂ ਰਾਸ਼ਨ ਸਮੱਗਰੀ ਵੀ ਇਕੱਠੀ ਕੀਤੀ ਜਾ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਬਲਾਕ ਵੱਲੋਂ ਧੂਰੀ ਦੇ ਟੋਲ ਪਲਾਜ਼ੇ ਦਾ ਘਿਰਾਉ ਬਲਾਕ ਪ੍ਰਧਾਨ ਹਰਬੰਸ ਸਿੰਘ ਅਤੇ ਸੈਕਟਰੀ ਹਰਪਾਲ ਸਿੰਘ ਪੇਧਨੀ ਦੀ ਅਗਵਾਈ ਹੇਠ ਅੱਜ 54ਵੇਂ ਦਿਨ ਵੀ ਲਗਾਤਾਰ ਜਾਰੀ ਰਿਹਾ।
ਇਸ ਸਮੇਂ ਬੁਲਾਰਿਆਂ ਨੇ ਦੱਸਿਆ ਕਿ ਪੰਜਾਬ ਦੇ ਲੋਕਾਂ ਨਾਲ ਮੋਦੀ ਸਰਕਾਰ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਕਰਜੇ ਵਿੱਚ ਡੁੱਬੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਸਿਰ ਨਿੱਤ ਨਵੇਂ ਕਾਨੂੰਨ ਮੜ ਕੇ ਅਤੇ ਰਿਆਇਤਾਂ ਨਾ ਦੇ ਕੇ ਹੋਰ ਕਰਜੇ ਥੱਲੇ ਦਬਾਉਣਾ ਚਾਹੁੰਦੀ ਹੈ। ਇਸ ਵਿਤਕਰੇ ਨਾਲ ਪੰਜਾਬ ਅਤੇ ਪੂਰੇ ਦੇਸ਼ ਚ ਆਰਥਿਕਤਾ ਦਾ ਸਥਿਰ ਦਿਨੋ- ਦਿਨ ਹੋਰ ਡਿੱਗਦਾ ਜਾ ਰਿਹਾ ਹੈ।
ਜਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ ਦੱਸਿਆ ਕਿ ਭਾਜਪਾ ਸਰਕਾਰ ਦੇ ਲੀਡਰ ਪੰਜਾਬ ਚ ਆਪਣੀ ਪਾਰਟੀ ਦੇ ਨਵੇਂ ਦਫ਼ਤਰ ਖੋਲਣਾ ਚਹੁੰਦੇ ਹਨ,ਜਦ ਕਿ ਪੰਜਾਬ ਦੇ ਲੋਕ ਅਜਿਹਾ ਨਹੀ ਹੋਣ ਦੇਣਗੇ। ਪੰਜਾਬ ਦੇ ਲੋਕਾਂ ਨੇ ਭਾਜਪਾ ਪਾਰਟੀ ਨੂੰ ਪੂਰੀ ਤਰਾ ਨਕਾਰ ਦਿੱਤਾ ਹੈ।