ਗੁਰਦਾਸਪੁਰ( ਰਾਜੇਸ਼ ਅਲੂਣਾ), 5 ਮਈ 2022
ਮਾਮਲਾ ਹੈ ਕਾਦੀਆਂ ਦੇ ਨਜ਼ਦੀਕ ਪਿੰਡ ਨੰਗਲ ਬਾਗਬਾਨਾਂ ਦਾ ਜਿੱਥੇ ਰਾਹ ਨੂੰ ਲੈ ਕੇ ਦੋ ਧਿਰਾਂ ਵਿੱਚ ਹੋਈ ਖ਼ੂਨੀ ਝੜਪ ਝਗੜੇ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ l ਝਗੜੇ ਦੌਰਾਨ ਜ਼ਖ਼ਮੀ ਹੋਏ ਇਕ ਧੜੇ ਦੇ ਛੇ ਜਣਿਆਂ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਅਤੇ ਦੂਜੀ ਧਿਰ ਦੇ ਇਕ ਔਰਤ ਸਮੇਤ ਤਿੰਨ ਜਣੇ ਬਟਾਲਾ ਦੇ ਸਿਵਲ ਹਸਪਤਾਲ ਜ਼ੇਰੇ ਇਲਾਜ ਹਨ l
ਜਾਣਕਾਰੀ ਦਿੰਦਿਆਂ ਇਕ ਧਿਰ ਦੇ ਗੁਰਮੁਖ ਸਿੰਘ ਜਸਵੰਤ ਸਿੰਘ ਨੇ ਦੱਸਿਆ ਕਿ ਸਾਡਾ ਇਨ੍ਹਾਂ ਨਾਲ ਰਾਹ ਨੂੰ ਲੈ ਕੇ ਪੁਰਾਣਾ ਝਗੜਾ ਚੱਲ ਰਿਹਾ ਸੀ l ਇਨ੍ਹਾਂ ਵੱਲੋਂ ਸਾਡੇ ਖ਼ਿਲਾਫ਼ ਥਾਣੇ ਵਿਚ ਦਰਖਾਸਤ ਦਿੱਤੀ ਗਈ ਸੀ ਕਿ ਸਾਡੀ ਪੈਲੀ ਨੂੰ ਅੱਗ ਲਗਾਈ ਗਈ ਹੈ l
ਜਿਸ ਦੇ ਫੈਸਲੇ ਤੇ ਅੱਜ ਅਸੀਂ ਥਾਣੇ ਜਾਣਾ ਸੀ ਲੇਕਿਨ ਰਸਤੇ ਵਿੱਚ ਹੀ ਇਨ੍ਹਾਂ ਵੱਲੋਂ ਸਾਡੇ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ l
ਬਟਾਲਾ ਚ ਜ਼ੇਰੇ ਇਲਾਜ ਦੂਜੀ ਧਿਰ ਦੇ ਅੰਮ੍ਰਿਤਪਾਲ ਅਤੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਅਸੀਂ ਆਪਣੀ ਪੈਲੀ ਵਿੱਚ ਕੰਮ ਕਰ ਰਹੇ ਸੀ ਤੇ ਇਸ ਪਰਿਵਾਰ ਵੱਲੋਂ ਸਾਡੇ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ l ਜਿਸ ਵਿੱਚ ਅਸੀਂ ਜ਼ਖ਼ਮੀ ਹੋ ਗਏ l ਉਨ੍ਹਾਂ ਕਿਹਾ ਕਿ ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਸਾਨੂੰ ਇਨਸਾਫ ਦਿੱਤਾ ਜਾਵੇ l
ਉੱਥੇ ਹੀ ਕਾਦੀਆਂ ਦੇ ਐੱਸ ਐੱਮ ਓ ਜਤਿੰਦਰ ਸਿੰਘ ਗਿੱਲ ਅਤੇ ਬਟਾਲਾ ਐਸਐਮਓ ਡਾ ਅਰਵਿੰਦਰ ਸ਼ਰਮਾ ਨੇ ਕਿਹਾ ਕਿ ਜੋ ਪਿੰਡ ਨੰਗਲ ਬਾਗਬਾਨਾਂ ਵਿੱਚ ਝਗੜਾ ਹੋਇਆ ਹੈ ਉਸ ਵਿੱਚ ਜੋ ਛੇ ਜਣੇ ਇੱਥੇ ਆਏ ਸਨ ਉਨ੍ਹਾਂ ਨੂੰ ਫਸਟਏਡ ਦੇ ਕੇ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ l ਜੋ ਦੂਜੀ ਧਿਰ ਦੇ ਚਾਰ ਜਣੇ ਹੋਰ ਜ਼ਖ਼ਮੀ ਹਨ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ l