ਮਾਨਸਾ( ਭੀਸ਼ਮ ਗੋਇਲ), 19 ਮਈ 2022
ਮਾਨਸਾ ਦੇ ਪਿੰਡ ਹੀਰੇਵਾਲਾ ਵਿੱਚ ਕ੍ਰਿਸ਼ਨ ਸਿੰਘ, ਬਿੰਦਰ ਸਿੰਘ ਦੀ ਕਟਿੰਗ ਦੀ ਦੁਕਾਨ ਤੇ ਕੰਮ ਕਰਦਾ ਸੀ ਤੇ 2/3 ਮਹੀਨੇ ਪਹਿਲਾਂ ਬਿੰਦਰ ਸਿੰਘ ਨੇ ਕ੍ਰਿਸ਼ਨ ਸਿੰਘ ਨੂੰ ਕੰਮ ਤੋਂ ਹਟਾ ਦਿੱਤਾ ਸੀ। 16 ਮਈ ਦੀ ਰਾਤ ਕ੍ਰਿਸ਼ਨ ਸਿੰਘ ਨੇ ਬਿੰਦਰ ਸਿੰਘ ਨੂੰ ਘਰੋਂ ਬਾਹਰ ਬੁਲਾਇਆ ਤੇ ਗੱਲਾਂ ਵਿੱਚ ਲਗਾ ਕੇ ਉਸਦਾ ਕਤਲ ਕਰ ਦਿੱਤਾ।
ਮ੍ਰਿਤਕ ਦੇ ਭਰਾ ਪ੍ਰਗਟ ਸਿੰਘ ਅਤੇ ਰਿਸ਼ਤੇਦਾਰ ਜੰਟਾ ਸਿੰਘ ਨੇ ਦੱਸਿਆ ਕਿ 16 ਮਈ ਦੀ ਰਾਤ ਨੂੰ ਕ੍ਰਿਸ਼ਨ ਸਿੰਘ ਨੇ ਫੋਨ ਕਰਕੇ ਬਿੰਦਰ ਸਿੰਘ ਨੂੰ ਘਰੋਂ ਬਾਹਰ ਬੁਲਾਇਆ ਤੇ ਪਿੰਡ ਦੇ ਛੱਪੜ ਦੇ ਨੇੜੇ ਕੁੱਟਮਾਰ ਕਰਨ ਤੋਂ ਬਾਦ ਬਿੰਦਰ ਸਿੰਘ ਦੀ ਲਾਸ਼ ਛੱਪੜ ਵਿੱਚ ਸੁੱਟ ਦਿੱਤੀ। ਉਨ੍ਹਾਂ ਕਿਹਾ ਕਿ ਸਾਨੂੰ ਕੱਲ ਬਿੰਦਰ ਸਿੰਘ ਦੀ ਲਾਸ਼ ਛੱਪੜ ਵਿੱਚ ਪਈ ਮਿਲੀ ਤੇ ਛੱਪੜ ਦੇ ਨੇੜੇ ਉਸਦੀ ਸ਼ਰਟ ਪਈ ਸੀ। ਉਨ੍ਹਾਂ ਸ਼ੱਕ ਜਤਾਇਆ ਕਿ ਬਿੰਦਰ ਸਿੰਘ ਦਾ ਕਤਲ 3-4 ਲੋਕਾਂ ਨੇ ਕੀਤਾ ਹੈ ਕਿਉਂਕਿ ਇਹ ਇੱਕ ਵਿਅਕਤੀ ਦਾ ਕੰਮ ਨਹੀਂ ਹੋ ਸਕਦਾ।
ਉੱਧਰ, ਥਾਣਾ ਸਦਰ ਪੁਲਿਸ ਨੇ ਮ੍ਰਿਤਕ ਦੇ ਭਰਾ ਪ੍ਰਗਟ ਸਿੰਘ ਪੁੱਤਰ ਦਰਸ਼ਨ ਸਿੰਘ ਦੇ ਬਿਆਨ ਤੇ ਦੋਸ਼ੀ ਕ੍ਰਿਸ਼ਨ ਸਿੰਘ ਦੇ ਖਿਲਾਫ IPC ਦੀ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਬੋਘਾ ਸਿੰਘ ਨੇ ਦੱਸਿਆ ਕਿ ਪ੍ਰਗਟ ਸਿੰਘ ਪੁੱਤਰ ਦਰਸ਼ਨ ਸਿੰਘ ਨੇ ਸ਼ਿਕਾਇਤ ਦਿੱਤੀ ਸੀ ਕਿ ਮੇਰਾ ਭਰਾ ਬਿੰਦਰ ਸਿੰਘ, ਜੋ ਕਿ ਮੇਰੇ ਨਾਲ ਹੀ ਰਹਿੰਦਾ ਹੈ ਅਤੇ ਕਟਿੰਗ ਦੀ ਦੁਕਾਨ ਕਰਦਾ ਸੀ। ਉਸਨੇ ਦੱਸਿਆ ਕਿ ਬਿੰਦਰ ਸਿੰਘ ਕੋਲ ਦੁਕਾਨ ਤੇ ਕ੍ਰਿਸ਼ਨ ਸਿੰਘ ਕੰਮ ਕਰਦਾ ਸੀl
ਜਿਸਨੂੰ ਕੁਝ ਸਮਾਂ ਪਹਿਲਾਂ ਹਟਾ ਦਿੱਤਾ ਗਿਆ ਸੀ, ਜਿਸ ਕਾਰਨ ਉਹ ਰੰਜਿਸ਼ ਰੱਖਦਾ ਸੀ ਅਤੇ 16 ਮਈ ਦੀ ਰਾਤ ਨੂੰ ਉਸਨੇ ਬਿੰਦਰ ਸਿੰਘ ਨੂੰ ਘਰੋਂ ਬਾਹਰ ਬੁਲਾ ਲਿਆ ਤੇ ਛੱਪੜ ਦੇ ਨੇੜੇ ਉਸਦੀ ਕੁੱਟਮਾਰ ਕਰਕੇ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਕ੍ਰਿਸ਼ਨ ਸਿੰਘ ਖਿਲਾਫ IPC ਦੀ ਧਾਰਾ 302 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਤੇ ਦੋਸ਼ੀ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।