ਤਰਨਤਾਰਨ ( ਰਿੰਪਲ ਗੋਲ੍ਹਣ), 4 ਮਈ 2022
ਖੇਮਕਰਨ ਵਿਖੇ ਮਨਿਆਰੀ ਦੀ ਦੁਕਾਨ ਕਰਦੇ ਇਕ ਵਿਅਕਤੀ ਵੱਲੋਂ ਵਿਆਜੀ ਫੜੇ ਪੈਸਿਆਂ ਨੂੰ ਹੌਲੀ ਹੌਲੀ ਮੋੜਨ ਕਰਕੇ ਭੜਕੇ ਉਕਤ ਵਿਆਜੀ ਪੈਸੇ ਦੇਣ ਵਾਲੇ ਵਿਅਕਤੀਆਂ ਵੱਲੋਂ ਦੁਕਾਨ ਤੇ ਕਬਜ਼ਾ ਕਰਨ ਦੀਆਂ ਦਿੱਤੀਆਂ ਧਮਕੀਆਂ ਤੋਂ ਤੰਗ ਆਏ ਵਿਅਕਤੀ ਸ਼ਾਮ ਲਾਲ ਪੁੱਤਰ ਸੂਰਜਪਾਲ ਵਾਸੀ ਖੇਮਕਰਨ ਵੱਲੋਂ ਬੀਤੀ ਸ਼ਾਮ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਆਤਮਹੱਤਿਆ ਕਰ ਲੈਣ ਦੀ ਖਬਰ ਸਾਹਮਣੇ ਆਈ ਹੈ ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮ੍ਰਿਤਕ ਸ਼ਾਮ ਲਾਲ ਦੀ ਪੈਂਟ ਦੀ ਜੇਬ ਵਿੱਚੋਂ ਮਿਲੇ ਸੁਸਾਈਡ ਨੋਟ ਅਤੇ ਮ੍ਰਿਤਕ ਦੇ ਭਰਾ ਵਿਕਾਸ ਕੁਮਾਰ ਦੇ ਬਿਆਨ ਦਰਜ਼ ਕਰ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਵਿਖੇ ਭੇਜ ਦਿੱਤਾ ਹੈ ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਵਿਕਾਸ ਕੁਮਾਰ ਪੁੱਤਰ ਸੂਰਜਪਾਲ ਨੇ ਦੱਸਿਆ ਕਿ ਸ਼ਾਮ ਲਾਲ ਵਲੋਂ ਕੁਝ ਵਿਅਕਤੀਆਂ ਪਾਸੋਂ ਵਿਆਜੀ ਪੈਸੇ ਫੜੇ ਗਏ ਸਨ l
ਜਦਕਿ ਉਨ੍ਹਾਂ ਵਿਅਕਤੀਆਂ ਨੂੰ ਸਮੇਂ ਸਿਰ ਪੈਸਿਆਂ ਦਾ ਵਿਆਜ ਵੀ ਸ਼ਾਮਲਾਲ ਵੱਲੋਂ ਦਿੱਤਾ ਜਾ ਰਿਹਾ ਸੀ । ਪ੍ਰੰਤੂ ਉਕਤ ਵਿਅਕਤੀ ਪੈਸਿਆਂ ਨੂੰ ਤੁਰੰਤ ਵਾਪਸ ਮੋੜ ਲਈ ਉਨ੍ਹਾਂ ਦੇ ਭਰਾ ਉਪਰ ਦਬਾਅ ਬਣਾ ਰਹੇ ਸਨ ਜਿਸ ਦੇ ਚਲਦਿਆਂ ਉਕਤ ਵਿਅਕਤੀਆਂ ਵੱਲੋਂ ਸ਼ਾਮ ਲਾਲ ਦੀ ਦੁਕਾਨ ਉੱਪਰ ਕਬਜ਼ਾ ਕਰਨ ਦੀਆਂ ਵਾਰ ਵਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਉਕਤ ਵਿਅਕਤੀਆਂ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਤੋਂ ਤੰਗ ਆਏ ਸ਼ਾਮ ਲਾਲ ਵੱਲੋਂ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਬੀਤੀ ਰਾਤ ਆਤਮਹੱਤਿਆ ਕਰ ਲਈ ਹੈ ।
ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਥਾਣਾ ਖੇਮਕਰਨ ਨੂੰ ਇਸ ਮਾਮਲੇ ਸਬੰਧੀ ਸੂਚਿਤ ਕੀਤਾ ਸੀ ਜਿਸ ਤੇ ਕਾਰਵਾਈ ਕਰਦਿਆਂ ਕੇਰਲ ਪੁਲਸ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ਚ ਲੈਂਦਿਆਂ ਜਦੋਂ ਉਸਦੀ ਤਲਾਸ਼ੀ ਲਈ ਤਾਂ ਮ੍ਰਿਤਕ ਵਿਅਕਤੀ ਸ਼ਾਮ ਲਾਲ ਦੀ ਜੇਬ ਵਿੱਚੋ ਸੁਸਾਈਟ ਨੋਟ ਬਰਾਮਦ ਹੋਇਆ ਹੈ । ਉਨ੍ਹਾਂ ਦੱਸਿਆ ਕਿ ਸ਼ਾਮ ਲਾਲ ਵੱਲੋਂ ਸੁਸਾਈਡ ਨੋਟ ਵਿਚ ਸੋਨੀ ਸੱਭਰਵਾਲ ਅਤੇ ਹੀਰਾ ਲਾਲ ਕਪੂਰ ਵੱਲੋਂ ਉਸਨੂੰ ਧਮਕੀਆਂ ਤੋਂ ਤੰਗ ਆ ਕੇ ਆਤਮਹੱਤਿਆ ਕਰ ਲੈਣ ਸਬੰਧੀ ਲਿਖਿਆ ਗਿਆ ਸੀ ।
ਉਨ੍ਹਾਂ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਉਕਤ ਵਿਅਕਤੀਆਂ ਖਿਲਾਫ ਬਣਦੀ ਸਖਤ ਤੋਂ ਸਖਤ ਕਾਰਵਾਈ ਕਰ ਕੇ ਇਨਸਾਫ ਦਿਵਾਇਆ ਜਾਵੇ । ਤੀਜਾ ਇਸ ਪੂਰੇ ਮਾਮਲੇ ਸਬੰਧੀ ਥਾਣਾ ਕੈਂਟ ਦੇ ਐੱਸ.ਐੱਚ.ਓ ਕੰਵਲਜੀਤ ਰਾਇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਵਿਅਕਤੀ ਦੇ ਭਰਾ ਦੇ ਬਿਆਨਾਂ ਦੇ ਆਧਾਰ ਤੇ ਧਾਰਾ 306 ਤਹਿਤ ਮੁਕਦਮਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।