ਅੰਮ੍ਰਿਤਸਰ,18(ਸਕਾਈ ਨਿਊਜ਼ ਬਿਊਰੋ)
ਕੋਰੋਨਾ ਦਾ ਵਾਇਰਸ ਬੇਹੱਦ ਖਤਰਨਾਕ ਹੈ। ਕੋਰੋਨਾ ਦੀ ਲਪੇਟ ’ਚੋਂ ਬਾਹਰ ਆਏ ਜ਼ਿਆਦਾਤਰ ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਵੀ ਕੋਰੋਨਾ ਦਾ ਅਸਰ ਵੇਖਿਆ ਜਾ ਰਿਹਾ ਹੈ। ਪਾਜ਼ੇਟਿਵ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਨ੍ਹਾਂ ਦਾ ਸਰੀਰ ਕਾਫ਼ੀ ਦਰਦ ਕਰ ਰਿਹਾ ਹੈ ਅਤੇ ਕਮਜ਼ੋਰੀ ਵੀ ਆ ਗਈ ਹੈ। ਲੋਕਾਂ ਨੇ ਜੇਕਰ ਅਜੇ ਵੀ ਕੋਰੋਨਾ ਵਾਇਰਸ ਸਬੰਧੀ ਸਾਵਧਾਨੀਆਂ ਨਾ ਵਰਤੀਆਂ ਤਾਂ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਫਿਲਹਾਲ ਸ਼ਹਿਰ ਵਿਚ ਵੀਰਵਾਰ 39 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ ਰਿਪੋਰਟ ਹੋਏ ਹਨ । ਇਨ੍ਹਾਂ ਵਿਚ 26 ਕਮਿਊਨਿਟੀ ਤੋਂ ਹਨ , ਜਦੋਂ ਕਿ 12 ਸੰਪਰਕ ਵਾਲੇ ਹਨ। ਸ਼ੁਕਰ ਹੈ ਕਿ ਕਿਸੇ ਦੀ ਮੌਤ ਨਹੀਂ ਹੋਈ ।
ਜਾਣਕਾਰੀ ਅਨੁਸਾਰ ਕੋਰੋਨਾ ਦੀ ਜੰਗ ਜਿੱਤਣ ਵਾਲੇ ਮਰੀਜ਼ ਠੀਕ ਹੋਣ ਤੋਂ ਬਾਅਦ ਵੀ ਕਾਫ਼ੀ ਪ੍ਰੇਸ਼ਾਨ ਹਨ। ਜ਼ਿਆਦਾਤਰ ਮਰੀਜ਼ਾਂ ਨੇ ਡਾਕਟਰਾਂ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ ਠੀਕ ਹੋਣ ਤੋਂ ਬਾਅਦ ਵੀ ਉਨ੍ਹਾਂ ਦਾ ਸਰੀਰ ਕਾਫ਼ੀ ਕਮਜ਼ੋਰ ਹੋ ਗਿਆ ਹੈ ਅਤੇ ਉਨ੍ਹਾਂ ਦਾ ਸਰੀਰ 24 ਘੰਟੇ ਦਰਦ ਕਰਦਾ ਰਹਿੰਦਾ ਹੈ। ਸਿਵਲ ਸਰਜਨ ਡਾ. ਰਵਿੰਦਰ ਸਿੰਘ ਸੇਠੀ ਨੇ ਕਿਹਾ ਕਿ ਜਦੋਂ ਤਕ ਕੋਰੋਨਾ ਵਾਇਰਸ ਦੀ ਵੈਕਸੀਨ ਨਹੀਂ ਆ ਜਾਂਦੀ, ਲੋਕਾਂ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਹੁਣ ਤਕ ਜ਼ਿਲੇ ਵਿਚ 14107 ਪਾਜ਼ੇਟਿਵ ਰਿਪੋਰਟ ਹੋ ਚੁੱਕੇ ਹਨ। ਇਨ੍ਹਾਂ ’ਚੋਂ 12856 ਤੰਦਰੁਸਤ ਹੋ ਚੁੱਕੇ ਹਨ , ਜਦੋਂ ਕਿ 718 ਐਕਟਿਵ ਕੇਸ ਹਨ । ਬਦਕਿਸਮਤੀ ਨਾਲ ਕੋਰੋਨਾ ਪੀੜਤ ਕੁਲ 533 ਲੋਕਾਂ ਦੀ ਮੌਤ ਹੋ ਚੁੱਕੀ ਹੈ । ਰਾਹਤ ਭਰੀ ਖਬਰ ਹੈ ਕਿ ਪਿਛਲੇ 24 ਘੰਟਿਆਂ ਵਿਚ 38 ਮਰੀਜ਼ ਤੰਦਰੁਸਤ ਵੀ ਹੋਏ ਹਨ । ਕੋਰੋਨਾ ਤੋਂ ਬਚਾਅ ਦਾ ਹੁਣ ਜਾਗਰੂਕਤਾ ਹੀ ਇਕੋ-ਇਕ ਰਸਤਾ ਹੈ ।
ਡਿਪਟੀ ਕਮਿਸ਼ਨਰ ਨੇ ਕੋਰੋਨਾ ਵੈਕਸੀਨ ਸਟੋਰ ਦੀ ਕੀਤੀ ਜਾਂਚ
ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਵੱਲੋਂ ਅੱਜ ਸਿਵਲ ਸਰਜਨ ਦਫ਼ਤਰ ਵਿਚ ਬਣ ਰਹੇ ਕੋਰੋਨਾ ਵੈਕਸੀਨ ਸਟੋਰ ਦੀ ਜਾਂਚ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਡਾ. ਸੇਠੀ ਨੂੰ ਕਿਹਾ ਕਿ ਸਰਕਾਰ ਵੱਲੋਂ ਜਦੋਂ ਜ਼ਿਲੇ ਵਿਚ ਵੈਕਸੀਨ ਉਪਲਬਧ ਕਰਵਾਈ ਜਾਵੇਗੀ ਤਾਂ ਉਸਨੂੰ ਪਾਰਦਰਸ਼ੀ ਢੰਗ ਨਾਲ ਲੋਕਾਂ ਤਕ ਪਹੁੰਚਾਇਆ ਜਾਵੇ।
ਕੋਰੋਨਾ ਵਾਇਰਸ ਸਟੋਰ ’ਚ 1500000 ਡੋਜ਼ ਰੱਖਣ ਦੀ ਸਮਰੱਥਾ
ਡਾ. ਸੇਠੀ ਨੇ ਦੱਸਿਆ ਕਿ ਵੈਕਸੀਨ ਸਟੋਰ ਵਿਚ ਇਕ ਡਬਲਿਊ. ਆਈ. ਸੀ. ਵਾਕ ਇਨ ਕੂਲਰ ਹੈ । ਇਸ ਵਿਚ 16 ਹਜ਼ਾਰ 500 ਲਿਟਰ ਵੈਕਸੀਨ ਯਾਨੀ 15 ਲੱਖ ਡੋਜ਼ ਰੱਖਣ ਦੀ ਸਮਰੱਥਾ ਹੈ। ਉੱਥੇ ਹੀ 100 ਤੋਂ 150 ਲਿਟਰ ਸਮਰੱਥਾ ਵਾਲੇ 7 ਆਈ. ਐੱਲ. ਆਰ. ਡੀਪ ਫਰੀਜ਼ਰ ਹਨ , ਜਿੱਥੇ 11 ਲੱਖ ਡੋਜ਼ ਸੁਰੱਖਿਅਤ ਰੱਖੀ ਜਾ ਸਕਦੀ ਹੈ। ਡਾ. ਸੇਠੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲੇ ਵਿਚ 49 ਵੈਕਸੀਨ ਸੈਂਟਰ ਬਣਾਏ ਗਏ ਹਨ । ਵੈਕਸੀਨ ਸੈਂਟਰ ਪ੍ਰਾਇਮਰੀ ਹੈਲਥ ਸੈਂਟਰਾਂ ਅਤੇ ਕਮਿਊਨਿਟੀ ਹੈਲਥ ਸੈਂਟਰਾਂ ’ਚ ਸਥਾਪਤ ਹਨ । ਇਨ੍ਹਾਂ ਸੈਂਟਰਾਂ ਵਿਚ ਰੀਜ਼ਨਲ ਵੈਕਸੀਨ ਸਟੋਰ ਨਾਲ ਕੋਲਡ ਚੇਨ ਦੇ ਜ਼ਰੀਏ ਵੈਕਸੀਨ ਭੇਜੀ ਜਾਵੇਗੀ।