ਲਹਿਰਾਗਾਗਾ (ਮਨੋਜ ਕੁਮਾਰ), 23 ਮਾਰਚ 2022
ਲੋਕ ਚੇਤਨਾ ਮੰਚ, ਲਹਿਰਾਗਾਗਾ ਵੱਲੋਂ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ 92ਵੇਂ ਸ਼ਹੀਦੀ ਦਿਹਾੜੇ ‘ਤੇ ਇੱਕ ਵਿਸ਼ਾਲ ਇਨਕਲਾਬੀ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ।
ਸਥਾਨਕ ਪੁਰਾਣੀ ਦਾਣਾ ਮੰਡੀ ਵਿੱਚ ਕਰਵਾਏ ਇਸ ਪ੍ਰੋਗਰਾਮ ਵਿੱਚ ਸ਼ਹਿਰ ਅਤੇ ਨੇੜਲੇ ਪਿੰਡਾਂ ਦੇ ਸੈਂਕੜੇ ਲੋਕਾਂ ਤੇ ਜਨਤਕ ਜਥੇਬੰਦੀਆਂ ਦੇ ਕਾਰਕੁੰਨਾਂ ਨੇ ਸ਼ਮੂਲੀਅਤ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਮੰਚ ਦੇ ਪ੍ਰਧਾਨ ਗਿਆਨ ਚੰਦ ਸ਼ਰਮਾ ਨੇ ਲੋਕਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸ਼ਹੀਦਾਂ ਦੀ ਇਨਕਲਾਬੀ ਵਿਚਾਰਧਾਰਾ ਨੂੰ ਬੁਲੰਦ ਕਰਨ ਲਈ ਹੀ ਇਹ ਪ੍ਰੋਗਰਾਮ ਹਰ ਸਾਲ ਕਰਵਾਇਆ ਜਾਂਦਾ ਹੈ।
ਇਹ ਪ੍ਰੋਗਰਾਮ ਜਮਹੂਰੀ ਹੱਕਾਂ ਦੇ ਨਿਧੜਕ ਜਰਨੈਲ ਮਰਹੂਮ ਹਰੀ ਸਿੰਘ ਤਰਕ ਦੀ ਨਿੱਘੀ ਤੇ ਪ੍ਰੇਰਨਾਮਈ ਯਾਦ ਨੂੰ ਸਮਰਪਿਤ ਕੀਤਾ ਜਾਂਦਾ ਹੈ। ਉਨ੍ਹਾਂ ਇਲਾਕੇ ਦੇ ਲੋਕਾਂ ਵੱਲੋਂ ਦਿੱਤੇ ਜਾਂਦੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ।
ਪ੍ਰੋਗਰਾਮ ਦੀ ਸ਼ੁਰੂਆਤ ਮਾਲਵਾ ਹੇਕ, ਲਹਿਰਾਗਾਗਾ ਦੇ ਕਲਾਕਾਰਾਂ ਵੱਲੋਂ ਜਗਦੀਸ਼ ਪਾਪੜਾ ਦੀ ਅਗਵਾਈ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਗੀਤ ਤੇ ਕਵੀਸ਼ਰੀਆਂ ਨਾਲ ਹੋਈ। ਉਪਰੰਤ ਲੋਕ ਸੰਗੀਤ ਮੰਡਲੀ, ਜੀਦਾ ਵੱਲੋਂ ਜਗਸੀਰ ਜੀਦਾ ਦੀ ਅਗਵਾਈ ਵਿੱਚ ਇਨਕਲਾਬੀ ਗੀਤਾਂ, ਬੋਲੀਆਂ, ਟੱਪਿਆਂ ਨਾਲ ਸ਼ਹੀਦਾਂ ਨੂੰ ਯਾਦ ਵੀ ਕੀਤਾ ਅਤੇ ਸਰਕਾਰਾਂ ਤੇ ਲੀਡਰਾਂ ‘ਤੇ ਵਿਅੰਗ-ਬਾਣ ਵੀ ਦਾਗੇ।
ਲੋਕ ਕਲਾ ਮੰਚ, ਮੰਡੀ ਮੁੱਲਾਂਪੁਰ ਵੱਲੋਂ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਹੇਠ “ਸ਼ਹੀਦ ਭਗਤ ਸਿੰਘ ਦੀ ਘੋੜੀ” ਕੋਰੀਓਗਰਾਫੀ ਪ੍ਰੋਗਰਾਮ ਦਾ ਸਿਖਰ ਹੋ ਨਿੱਬੜੀ। ਨਾਟਕ ਮੰਡਲੀ ਵੱਲੋਂ ਪੇਸ਼ ਕੀਤੇ ਨਾਟਕ “ਉੱਠਣ ਦਾ ਵੇਲਾ” ਨੇ ਇਤਿਹਾਸਕ ਕਿਸਾਨ ਅੰਦੋਲਨ ਦੀ ਕਹਾਣੀ ਅੱਗੇ ਤੋਰਦਿਆਂ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਲੋਕ ਘੋਲ ਹਰ ਜਣੇ ਦੀ ਸ਼ਮੂਲੀਅਤ ਤੇ ਹਿੱਸੇਦਾਰੀ ਨਾਲ ਹੀ ਉੱਸਰਦੇ ਹਨ। ਇਹ ਸਭ ਦੀ ਜੁੰਮੇਵਾਰੀ ਹੈ।