ਚੰਡੀਗੜ੍ਹ,21 ਫਰਵਰੀ (ਸਕਾਈ ਨਿਊਜ਼ ਬਿਊਰੋ)
ਹਰ ਵਰ੍ਹੇ 21 ਫ਼ਰਵਰੀ ਨੂੰ ਕੌਮਾਂਤਰੀ ਮਾਤ ਭਾਸ਼ਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਅਪਣੀ ਮਾਤ ਭਾਸ਼ਾ ਦੀ ਹੋਂਦ ’ਤੇ ਮਾਣ ਲਈ ਇਹ ਦਿਨ ਅਪਣਾ ਇਕ ਲੰਮਾ ਇਤਿਹਾਸ ਲੈ ਕੇ ਜੁੜਿਆ ਹੋਇਆ ਹੈ। ਸਾਡੀ ਮਾਂ ਬੋਲੀ ਪੰਜਾਬੀ ਲਈ ਪੰਜਾਬ ਵਿਚ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਵੀ, ਜਿਥੇ ਪੰਜਾਬੀ ਵਸਦੇ ਹਨ ਅਪਣੀ ਮਾਤ ਭਾਸ਼ਾ ਪੰਜਾਬੀ ਲਈ ਇਹ ਦਿਹਾੜਾ ਮਨਾਉਂਦੇ ਹਨ।
ਕਦੇ ਕਦੇ ਇੰਜ ਲਗਦਾ ਹੈ, ਜਿਵੇਂ ਪ੍ਰਦੇਸਾਂ ਵਿਚ ਜਾ ਕੇ ਵੀ ਪੰਜਾਬੀ ਅਪਣੀ ਮਾਂ ਬੋਲੀ ਤੋਂ ਵਿਰ ਨਹੀਂ ਹੋਏ ਬਲਕਿ ਉਨ੍ਹਾਂ ਨੇ ਉੱਥੇ ਵੀ ਅਪਣਾ ਇਕ ਵਖਰਾ ਪੰਜਾਬ ਵਸਾ ਲਿਆ ਹੈ ਜਿਨ੍ਹਾਂ ਨੇ ਨਾ ਕੇਵਲ ਅਪਣੀ ਮਾਤ ਭਾਸ਼ਾ ਨੂੰ ਹੀ ਸੰਭਾਲਿਆ ਹੋਇਆ ਹੈ ਸਗੋਂ ਅਪਣੇ ਸਾਹਿਤ ਤੇ ਸਭਿਆਚਾਰ ਆਦਿ ਨੂੰ ਵੀ ਦੇਸ਼ਾਂ ਵਿਦੇਸ਼ਾਂ ਵਿਚ ਇਕ ਨਵੀਂ ਨਿਵੇਕਲੀ ਪਹਿਚਾਣ ਦਿਤੀ ਹੈ। ਪੰਜਾਬੀ ਸਪਤਾਹ, ਪੰਜਾਬੀ ਪੰਦਰਵਾੜਾ ਸਾਡੇ ਪੰਜਾਬ ਦੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਸਾਹਿਤ ਸਭਾਵਾਂ ਆਦਿ ਵਲੋਂ ਹਰ ਵਰ੍ਹੇ ਵੱਡੇ ਵੱਡੇ ਭਾਸ਼ਣਾਂ, ਵਿਚਾਰ ਗੋਸ਼ਟੀਆਂ, ਸੰਮੇਲਨਾਂ ਆਦਿ ਰਾਹੀਂ ਜਾਂ ਫਿਰ ਪੱਤਰਾਂ, ਸੜਕਾਂ ’ਤੇ ਪ੍ਰਚਾਰਾਂ ਆਦਿ ਦੇ ਰੂਪ ਵਿਚ ਮਨਾਇਆ ਜਾਂਦਾ ਹੈ ਜੋ ਸਿਰਫ਼ ਇਨ੍ਹਾਂ ਦਿਨਾਂ ਤਕ ਹੀ ਸੀਮਤ ਹੋ ਕੇ ਰਹਿ ਜਾਂਦਾ ਹੈ ਅਤੇ ਫਿਰ ਪੰਜਾਬੀ ਨਾਲ ‘ਤੂੰ ਕੌਣ ਤੇ ਮੈਂ ਕੌਣ’ ਵਾਲੀ ਗੱਲ ’ਤੇ ਸਥਿਤੀ ਹੋ ਨਿਬੜਦੀ ਹੈ।
ਅੱਜ ਆਮ ਪੰਜਾਬੀ ਘਰਾਂ ਤੋਂ ਲੈ ਕੇ ਅਮੀਰ ਘਰਾਂ ਤਕ ਪੰਜਾਬੀ ਦੀ ਜੋ ਦੁਰਦਸ਼ਾ ਹੈ ਉਹ ਕਿਸੇ ਵੀ ਨਜ਼ਰ ਤੋਂ ਲੁਕਿਆ ਨਹੀਂ ਹੋਇਆ। ਕਈ ਵਾਰ ਇਸ ਗੱਲ ਤੇ ਬੜਾ ਅਚੰਭਾ ਤੇ ਹੈਰਾਨੀ ਪ੍ਰਤੀਤ ਹੁੰਦੀ ਹੈ, ਜਦੋਂ ਪੰਜਾਬੀ ਦੇ ਵੱਡੇ ਵੱਡੇ ਹਮਾਇਤੀ ਜੋ ਮੁੱਖ ਬੁਲਾਰੇ ਦੇ ਰੂਪ ਵਿਚ ਪੰਜਾਬੀ ਭਾਸ਼ਾ ਲਈ ਵਿਸ਼ੇਸ਼ ਭਾਸ਼ਣ ਦੇਣ ਲਈ ਬੁਲਾਏ ਜਾਂਦੇ ਹਨ ਪਰ ਅਪਣੇ ਹੀ ਘਰ ਵਿਚ ਅਪਣੇ ਬੱਚੇ ਨੂੰ ਹਿੰਦੀ ਜਾਂ ਅੰਗਰੇਜ਼ੀ ਦੀ ਵਰਤੋਂ ਕਰਨ ਲਈ ਵਧੇਰੇ ਜ਼ੋਰ ਦਿੰਦੇ ਹਨ। ਕੋਈ ਵੀ ਭਾਸ਼ਾ ਮਾੜੀ ਨਹੀਂ ਹੁੰਦੀ ਪਰ ਜੋ ਗੱਲ ਅਪਣੀ ਮਾਤ ਭਾਸ਼ਾ ਵਿਚ ਵਜ਼ਨਦਾਰ ਤਰੀਕੇ ਨਾਲ ਆਖੀ ਜਾ ਸਕਦੀ ਹੈ ਉਹ ਕਿਸੇ ਹੋਰ ਭਾਸ਼ਾ ਵਿਚ ਨਹੀਂ ਆਖੀ ਜਾ ਸਕਦੀ।
ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਇਹ ਗੱਲ ਲਿਖੀ ਹੈ ਕਿ-ਪੰਜਾਬੀ ਬੋਲਣ, ਲਿਖਣ, ਪੜ੍ਹਨ ‘ਤੇ ਕਦੀ ਸ਼ਰਮ ਨਾ ਮਹਿਸੂਸ ਕਰੋ ਤੇ ਆਪਣੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਦੀ ਛੋਹ ਤੋਂ ਦੂਰ ਨਾ ਰੱਖੋ।