ਫਤਿਹਗੜ੍ਹ ਸਾਹਿਬ (ਜਗਦੇਵ ਸਿੰਘ),18 ਫਰਵਰੀ
ਖੇਤੀ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਕਿਸਾਨਾਂ ਤੇ ਦਿੱਲੀ ਪੁਲੀਸ ਵੱਲੋਂ ਦਰਜ ਕੀਤੇ ਗਏ ਕੇਸਾਂ ਦੀ ਪੈਰਵੀ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਸਾਂਝੇ ਤੌਰ ਤੇ ਕੀਤੀ ਜਾ ਰਹੀ ਪੈਰਵੀ ਤਹਿਤ ਹੁਣ ਤੱਕ ਵੱਖ ਵੱਖ ਥਾਵਾਂ ਤੋਂ ਲਗਭਗ 25 ਤੋਂ 30 ਕਿਸਾਨਾਂ ਦੀਆ ਜ਼ਮਾਨਤਾਂ ਕਰਵਾ ਕੇ ਉਨ੍ਹਾਂ ਨੂੰ ਰਿਹਾਅ ਕਰਵਾਇਆ ਜਾ ਚੁੱਕਿਆ ਹੈ ।
ਫਤਹਿਗੜ੍ਹ ਸਾਹਿਬ ਵਿਖੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਗਠਿਤ ਕੀਤੀ ਗਈ ਕਮੇਟੀ ਦੇ ਮੈਂਬਰ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਅੱਜ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ 5 ਅਤੇ 1 ਹਰਿਆਣੇ ਦੇ ਕਿਸਾਨ ਨੂੰ ਜ਼ਮਾਨਤ ਤੇ ਰਿਹਾਅ ਕਰਵਾਇਆ ਗਿਆ ਹੈ ।
ਐਡਵੋਕੇਟ ਧਾਰਨੀ ਨੇ ਕਿਹਾ ਕਿ ਕੁਝ ਵਕੀਲ ਭਾਈਚਾਰੇ ਵੱਲੋਂ ਜੋ ਵੱਖ ਵੱਖ ਥਾਵਾਂ ਤੋਂ ਕਿਸਾਨਾਂ ਤੇ ਦਿੱਲੀ ਪੁਲੀਸ ਵੱਲੋਂ ਕੇਸ ਦਰਜ ਕੀਤੇ ਗਏ ਹਨ ਉਨ੍ਹਾਂ ਕਿਸਾਨਾਂ ਦੀ ਪੈਰਵੀ ਕਰਨ ਲਈ 10 ਤੋਂ 15 ਹਜ਼ਾਰ ਰੁਪਏ ਫੀਸ ਵਸੂਲੀ ਜਾ ਰਹੀ ਹੈ । ਉਨ੍ਹਾਂ ਵਕੀਲ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਕੇਵਲ ਆਪਣੇ ਹਿੱਤਾਂ ਲਈ ਹੀ ਨਹੀਂ ਉਹ ਸਰਵਜਨਕ ਤੌਰ ਤੇ ਸਭ ਲਈ ਇਹ ਸੰਘਰਸ਼ ਕਰ ਰਹੇ ਹਨ ਇਸ ਲਈ ਸਾਡਾ ਵੀ ਫਰਜ਼ ਬਣਦਾ ਹੈ ਕਿ ਕੋਈ ਵੀ ਵਕੀਲ ਜੋ ਕਿਸਾਨੀ ਸੰਘਰਸ਼ ਨਾਲ ਸਬੰਧਤ ਕਿਸਾਨਾਂ ਦੇ ਮਸਲੇ ਹਨ ਉਨ੍ਹਾਂ ਤੋਂ ਫੀਸ ਨਾ ਲੈ ਕੇ ਸੇਵਾ ਦੇ ਰੂਪ ਵਿੱਚ ਕਾਰਜ ਕਰਨ ।
ਐਡਵੋਕੇਟ ਧਾਰਨੀ ਨੇ ਅਜਿਹੇ ਸਮੁੱਚੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਗਠਿਤ ਕੀਤੀ ਗਈ ਕਮੇਟੀ ਅਤੇ ਬਣਾਏ ਗਏ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਾਂਝੇ ਪੈਨਲ ਨਾਲ ਸੰਪਰਕ ਕਰਕੇ ਕੇਸਾਂ ਦੀ ਮੁਫਤ ਪੈਰਵੀ ਕਰਵਾ ਸਕਦੇ ਹਨ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਗਠਿਤ ਕੀਤੇ ਗਏ ਸਾਂਝੇ ਪੈਨਲ ਤਹਿਤ ਹੁਣ ਤੱਕ 25 ਤੋਂ 30 ਕਿਸਾਨਾਂ ਦੀਆ ਮੁਫ਼ਤ ਜ਼ਮਾਨਤਾਂ ਕਰਵਾ ਕੇ ਉਨ੍ਹਾਂ ਨੂੰ ਆਪੋ ਆਪਣੇ ਘਰ ਭੇਜਿਆ ਜਾ ਚੁੱਕਾ ਹੈ ।