ਸਰਦੂਲਗੜ੍ਹ (ਭੀਸ਼ਮ ਗੋਇਲ), 6 ਅਕਤੂਬਰ 2022
ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖਰੀਦ ਬੇਸ਼ੱਕ ਇੱਕ ਅਕਤੂਬਰ ਤੋਂ ਸ਼ੁਰੂ ਕਰ ਦਿੱਤੀ ਹੈ, ਪਰ ਕਸਬਾ ਸਰਦੂਲਗੜ੍ਹ ਦੀ ਅਨਾਜ ਮੰਡੀ ਵਿੱਚ ਫਸਲ ਦੀ ਆਮਦ ਲੇਟ ਹੋਣ ਕਾਰਨ ਝੋਨੇ ਦੀ ਸਰਕਾਰੀ ਖਰੀਦ ਅੱਜ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਅਤੇ ਐਸਡੀਐਮ ਸਰਦੂਲਗੜ੍ਹ ਪੂਨਮ ਸਿੰਘ ਵੱਲੋਂ ਸ਼ੁਰੂ ਕਰਵਾਈ ਗਈ।
ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਅਤੇ ਐਸਡੀਐਮ ਪੂਨਮ ਸਿੰਘ ਨੇ ਦੱਸਿਆ ਕਿ ਅੱਜ ਸਰਦੂਲਗੜ੍ਹ ਦੀ ਅਨਾਜ ਮੰਡੀ ਵਿੱਚ ਪਿੰਡ ਸਰਦੂਲੇਵਾਲਾ ਦੇ ਕਿਸਾਨ ਗਗਨਦੀਪ ਕੁਮਾਰ ਵੱਲੋਂ ਲਿਆਂਦੀ ਝੋਨੇ ਦੀ ਫ਼ਸਲ ਦੀ ਬੋਲੀ ਕਰਵਾ ਕੇ ਸਰਕਾਰੀ ਖਰੀਦ ਦੀ ਸ਼ੁਰੂਆਤ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਿਸਾਨਾਂ ਨੂੰ ਝੋਨੇ ਦੀ ਫਸਲ ਦੀ ਅਦਾਇਗੀ 24 ਘੰਟੇ ਅੰਦਰ ਹੀ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਮੰਡੀਆਂ ਵਿੱਚ ਕਿਸੇ ਤਰਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।
ਮੰਡੀ ਵਿੱਚ ਝੋਨੇ ਦੀ ਫਸਲ ਲੈ ਕੇ ਆਏ ਕਿਸਾਨ ਗਗਨਦੀਪ ਕੁਮਾਰ ਨੇ ਦੱਸਿਆ ਕਿ ਮੈਂ ਆਪਣੀ ਦੋ ਕਿੱਲਿਆਂ ਦੀ ਝੋਨੇ ਦੀ ਫਸਲ ਲੈ ਕੇ ਆਇਆ ਹਾਂ, ਜਿਸ ਦੀ ਬੋਲੀ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਵੱਲੋਂ ਕਰਵਾਈ ਗਈ ਹੈ ਅਤੇ ਇਸ ਵਿੱਚ ਨਮੀ ਦੀ ਮਾਤਰਾ ਸਰਕਾਰੀ ਮਾਪਦੰਡਾਂ ਅਨੁਸਾਰ ਹੈ। ਉਸਨੇ ਦੱਸਿਆ ਕਿ ਹੁਣ ਇਸ ਨੂੰ ਤੋਲਿਆ ਜਾ ਰਿਹਾ ਹੈ ਅਤੇ ਮੈਨੂੰ ਮੰਡੀ ਵਿੱਚ ਫਸਲ ਵੇਚਣ ਵਿੱਚ ਕੋਈ ਦਿੱਕਤ ਨਹੀਂ ਆਈ।