ਗੁਰਦਾਸਪੁਰ (ਰਾਜੇਸ਼ ਅਲੂਣਾ), 21 ਮਈ 2022
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਰਕਾਰ ਵਲੋਂ ਆਦੇਸ਼ ਦਿੱਤੇ ਗਏ ਹਨ ਕਿ ਪਿੰਡਾਂ ਵਿੱਚ ਜਿੰਨੀ ਵੀ ਪੰਚਾਇਤੀ ਜ਼ਮੀਨ ਉਪਰ ਕਬਜ਼ੇ ਹੋਏ ਹਨ l
ਉਹ ਖਾਲੀ ਕਰਵਾਏ ਜਾਣ ਜਿਸ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਗੁਰਦਾਸਪੁਰ ਦੇ ਪਿੰਡ ਬਾਉਪੁਰ ਵਿੱਚ ਵੀ ਪੰਚਾਇਤੀ ਜ਼ਮੀਨ ਉੱਪਰ ਹੋਏ ਨਜਾਇਜ਼ ਕਬਜ਼ੇ ਨੂੰ ਛੁਡਵਾਉਣ ਲਈ ਪਹੁੰਚੇ ਤਾਂ ਪਿੰਡ ਵਾਸੀ ਅਤੇ ਕਿਸਾਨਾਂ ਨੇ ਪ੍ਰਸ਼ਾਸਨ ਦੇ ਨਾਲ ਉਲਝਦੇ ਹੋਏ ਨਜ਼ਰ ਆਏ ਅਤੇ ਕਿਸਾਨਾਂ ਨੇ ਜ਼ਮੀਨ ਵਿੱਚ ਹੀ ਪ੍ਰਸ਼ਾਸਨ ਦੇ ਖਿਲਾਫ ਧਰਨਾ ਸ਼ੁਰੂ ਕਰ ਦਿੱਤਾ ਅਤੇ ਮੰਗ ਕੀਤੀ ਕਿ ਜੇਕਰ ਉਨ੍ਹਾਂ ਨੇ ਜ਼ਮੀਨ ਤੋਂ ਕਬਜ਼ੇ ਛੁਡਾਉਣੇ ਹਾਂ ਤਾਂ ਸਾਰੇ ਛੁਡਵਾਏ ਜਾਣ ਨਹੀਂ ਤਾਂ ਉਹ ਇਹ ਜ਼ਮੀਨ ਵੀ ਨਹੀਂ ਛੱਡਣਗੇ l
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਕਿਹਾ ਕਿ ਪਿੰਡ ਵਿਚ 25 ਕਿੱਲੇ ਦੇ ਕਰੀਬ ਲੋਕਾਂ ਨੇ ਪੰਚਾਇਤੀ ਜ਼ਮੀਨ ਦੱਬੀ ਹੋਈ ਹੈ ਪਰ ਪ੍ਰਸ਼ਾਸਨ ਹੁਣ ਸਿਰਫ਼ 53 ਕਨਾਲਾ ਨੂੰ ਹੀ ਛੁਡਵਾਉਣ ਲਈ ਆਇਆ ਜੋ ਕਿ ਬਿਲਕੁਲ ਗਲਤ ਹੈ ਉਨ੍ਹਾਂ ਕਿਹਾ ਕਿ ਸਿਆਸੀ ਸ਼ਹਿ ਦੇ ਉੱਪਰ ਹੀ ਉਨ੍ਹਾਂ ਦੀ ਜ਼ਮੀਨ ਛੁਡਾਈ ਜਾ ਰਹੀ ਹੈ l
ਜਦਕਿ ਪਿੰਡ ਦੇ ਸਰਪੰਚ ਨੇ ਵੀ ਕੁਝ ਜ਼ਮੀਨ ਮੱਲੀ ਹੋਈ ਹੈ l ਉਨ੍ਹਾਂ ਪ੍ਰਸ਼ਾਸਨ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੇ ਜ਼ਮੀਨ ਛੁਡਵਾਉਣੀ ਹੈ ਤਾਂ ਪਿੰਡ ਵਿੱਚ ਪੱਚੀ ਕਿੱਲੇ ਪੰਚਾਇਤੀ ਜ਼ਮੀਨ ਹੈ ਇਹ ਸਾਰੀ ਦੀ ਸਾਰੀ ਛੁਡਵਾਈ ਜਾਵੇ ਨਹੀਂ ਤਾਂ ਉਹ ਆਪਣੀਆਂ ਜ਼ਮੀਨਾਂ ਵੀ ਨਹੀਂ ਛੱਡਣਗੇ l
ਇਸ ਮੌਕੇ ਤੇ ਪਿੰਡ ਦੇ ਸਰਪੰਚ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੇ ਕੋਲੋਂ ਕੋਈ ਵੀ ਪੰਚਾਇਤੀ ਜ਼ਮੀਨ ਨਹੀਂ ਹੈ ਅਤੇ ਜੇਕਰ ਉਸ ਨੇ ਕੋਈ ਪੰਚਾਇਤੀ ਜ਼ਮੀਨ ਦੱਬੀ ਹੈ ਤਾਂ ਉਹ ਛੱਡਣ ਦੇ ਲਈ ਤਿਆਰ ਹੈ ਪਰ ਇਨ੍ਹਾਂ ਕਿਸਾਨਾਂ ਨੂੰ ਵੀ ਆਪਣੀ ਜ਼ਮੀਨ ਛੱਡਣੀ ਚਾਹੀਦੀ ਹੈ ਕਿਉਂਕਿ ਸਰਕਾਰ ਹਰ ਇੱਕ ਦੇ ਕੋਲੋਂ ਪੰਚਾਇਤੀ ਜ਼ਮੀਨ ਛੁਡਵਾ ਰਹੀ ਹੈ l
ਜ਼ਮੀਨ ਛੁਡਵਾਉਣ ਪਹੁੰਚੇ ਬੀਡੀਪੀਓ ਗੁਰਦਾਸਪੁਰ ਨੇ ਕਿਹਾ ਕਿ ਉਨ੍ਹਾਂ ਦੇ ਕੋਲੋਂ ਜ਼ਮੀਨ ਦਾ ਪੂਰਾ ਵੇਰਵਾ ਹੈ ਜਿਸ ਵਿੱਚ ਉਹ ਦੋ ਸੌ ਇੱਕੀ ਕਨਾਲਾਂ ਛੁਡਵਾਉਣ ਦੇ ਲਈ ਆਏ ਹਨ ਉਨ੍ਹਾਂ ਕਿਹਾ ਕਿ ਕਿਸੇ ਤਰ੍ਹਾਂ ਦਾ ਕੋਈ ਪੱਖਪਾਤ ਨਹੀਂ ਕੀਤਾ ਜਾ ਰਿਹਾ ਸਰਕਾਰ ਦੇ ਆਦੇਸ਼ਾਂ ਮੁਤਾਬਕ ਹੀ ਸਾਰਾ ਕੰਮ ਕੀਤਾ ਜਾ ਰਿਹਾ ਹੈl ਉਨ੍ਹਾਂ ਕਿਹਾ ਕਿ ਸਰਪੰਚ ਦੇ ਕੋਲੋਂ ਕੋਈ ਜ਼ਮੀਨ ਨਹੀਂ ਹੈ l ਪਰ ਫਿਰ ਵੀ ਜੇਕਰ ਸਰਪੰਚ ਦੇ ਕੋਲ ਕੋਈ ਪੰਚਾਇਤੀ ਜ਼ਮੀਨ ਹੋਈ ਤਾਂ ਉਹ ਵੀ ਜ਼ਰੂਰ ਛੁਡਵਾਈ ਜਾਵੇਗੀ l