ਮਾਨਸਾ (ਭੀਸ਼ਮ ਗੋਇਲ),22 ਅਪ੍ਰੈਲ 2022
ਪੰਜਾਬ ਸਰਕਾਰ ਵੱਲੋਂ ਸਰਕਾਰੀ ਬੱਸਾਂ ਵਿੱਚ ਮਹਿਲਾਵਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੇ ਜਾਣ ਦਾ ਪ੍ਰਾਈਵੇਟ ਬੱਸ ਅਪਰੇਟਰਾਂ ਉੱਪਰ ਕਾਫੀ ਅਸਰ ਪਿਆ ਹੈ। ਪ੍ਰਾਈਵੇਟ ਬੱਸ ਅਪਰੇਟਰਾਂ ਦਾ ਕਹਿਣਾ ਹੈ ਕਿ ਮਹਿਲਾਵਾਂ ਨੂੰ ਮੁਫ਼ਤ ਬੱਸ ਦੀ ਸਹੂਲਤ ਕਾਰਨ ਸਾਡੀਆਂ ਬੱਸਾਂ ਵਿੱਚ ਪੁਰਸ਼ ਸਵਾਰੀਆਂ ਵੀ ਘੱਟ ਗਈਆਂ ਹਨ l
ਉੱਥੇ ਹੀ ਦਿਨੋਂ ਦਿਨ ਵੱਧ ਰਹੇ ਡੀਜ਼ਲ ਦੇ ਰੇਟ ਅਤੇ ਹੋਰ ਖਰਚਿਆਂ ਕਾਰਨ ਪ੍ਰਾਈਵੇਟ ਬੱਸ ਓਪਰੇਟਰਾਂ ਲਈ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਪ੍ਰਾਈਵੇਟ ਬੱਸ ਅਪਰੇਟਰਾਂ ਨੂੰ ਵੀ ਸਰਕਾਰੀ ਬੱਸਾਂ ਦੀ ਤਰਾਂ ਮਹਿਲਾ ਸਵਾਰੀ ਤੇ ਬਣਦੀ ਛੋਟ ਦੇਵੇ ਕਿਉਂਕਿ ਅਸੀਂ ਵੀ ਮਹਿਲਾ ਸਵਾਰੀਆਂ ਨੂੰ ਮੁਫ਼ਤ ਵਿੱਚ ਲਿਜਾਣ ਲਈ ਤਿਆਰ ਹਾਂ।
ਪ੍ਰਾਈਵੇਟ ਬੱਸ ਅਪਰੇਟਰਾਂ ਅਮਰਜੀਤ ਸਿੰਘ, ਤੇਜਾ ਸਿੰਘ, ਰਘਬੀਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਬੱਸਾਂ ਵਿੱਚ ਮਹਿਲਾਵਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਦਾ ਸਾਡੇ ਕਾਰੋਬਾਰ ਤੇ ਬਹੁਤ ਅਸਰ ਪਿਆ ਹੈ l
ਕਿਉਂਕਿ ਮਹਿਲਾ ਸਵਾਰੀ ਦੇ ਨਾਲ-ਨਾਲ ਪੁਰਸ਼ ਸਵਾਰੀਆਂ ਵੀ ਪ੍ਰਾਈਵੇਟ ਬੱਸਾਂ ਵਿੱਚ ਘੱਟ ਗਈਆਂ ਹਨ। ਉਨ੍ਹਾਂ ਕਿਹਾ ਕਿ ਰੋਜ਼ਾਨਾ ਵਧ ਰਹੀਆਂ ਤੇਲ ਦੀਆਂ ਕੀਮਤਾਂ ਅਤੇ ਬੱਸਾਂ ਦੇ ਹੋਰ ਖਰਚਿਆਂ ਕਾਰਨ ਸਾਡਾ ਕਮਾਈ ਵਾਲਾ ਧੰਦਾ ਬੰਦ ਹੋਣ ਕਿਨਾਰੇ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਾਨੂੰ ਮਾਫ਼ੀਆ ਕਹਿ ਕੇ ਭੰਡਿਆ ਜਾਂਦਾ ਹੈ ਜਦ ਕਿ ਅਸੀਂ ਸਰਕਾਰ ਨੂੰ ਹਰ ਤਰਾਂ ਦਾ ਟੈਕਸ ਅਦਾ ਕਰਦੇ ਹਾਂ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਮਾਣਯੋਗ ਹਾਈਕੋਰਟ ਵੱਲੋਂ ਰੱਦ ਕੀਤੇ ਮਿੰਨੀ ਬੱਸ ਅਪਰੇਟਰਾਂ ਦੇ ਪਰਮਿਟ ਬਹਾਲ ਕੀਤੇ ਜਾਣ ਕਿਉਂਕਿ ਇੱਕ ਬੱਸ ਤੋਂ 5-6 ਪਰਿਵਾਰਾਂ ਦਾ ਗੁਜ਼ਾਰਾ ਚੱਲਦਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਪ੍ਰਾਈਵੇਟ ਬੱਸ ਅਪਰੇਟਰਾਂ ਨੂੰ ਵੀ ਸਰਕਾਰੀ ਬੱਸਾਂ ਦੀ ਤਰਾਂ ਮਹਿਲਾ ਸਵਾਰੀ ਤੇ ਬਣਦੀ ਛੋਟ ਦੇਵੇ ਕਿਉਂਕਿ ਅਸੀਂ ਵੀ ਮਹਿਲਾ ਸਵਾਰੀਆਂ ਨੂੰ ਮੁਫ਼ਤ ਵਿੱਚ ਲਿਜਾਣ ਲਈ ਤਿਆਰ ਹਾਂ।