ਬਰਨਾਲਾ (ਮੇਜਰ ਅਲੀ), 22 ਮਈ 2022
646 ਪੀਟੀਆਈ ਅਧਿਆਪਕਾਂ ਵੱਲੋਂ ਬਰਨਾਲਾ ਦੇ ਗੁਰਦੁਆਰਾ ਸ਼੍ਰੀ ਨਾਨਕਸਰ ਠਾਠ ਸਾਹਿਬ ਵਿਖੇ ਇਕੱਤਰ ਹੋਕੇ ਬਰਨਾਲਾ ਤੋਂ ਦੂਜੀ ਵਾਰ ਜਿੱਤ ਕੇ ਸਿੱਖਿਆ ਖੇਡ ਮੰਤਰੀ ਬਣੇ ਗੁਰਮੀਤ ਸਿੰਘ ਮੀਤ ਹੇਅਰ ਦੀ ਕੋਠੀ ਅੱਗੇ ਆਮ ਆਦਮੀ ਪਾਰਟੀ ਦੇ ਲਾਰਿਆਂ ਦੀ ਪੋਲ ਖੋਲ੍ਹਣ ਜਾ ਰਹੇ ਹਨ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪੀਟੀਆਈ ਅਧਿਆਪਕ ਯੂਨੀਅਨ ਦੇ ਸੂਬਾ ਆਗੂ ਗੁਰਪ੍ਰੀਤ ਸਿੰਘ ਖੰਨਾ ਨੇ ਦੱਸਿਆ ਕਿ ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਉਨ੍ਹਾਂ ਨੂੰ ਪੱਕੀਆਂ ਨੌਕਰੀਆਂ ਦਾ ਆਸ਼ਵਾਸਨ ਦੇ ਕੇ ਹੀ ਵੋਟਾਂ ਲਈਆਂ ਗਈਆਂ ਸਨ।
ਉਨ੍ਹਾਂ ਨੇ ਕਿਹਾ ਕਿ ਦੂਸਰੀਆਂ ਰਵਾਇਤੀ ਪਾਰਟੀਆਂ ਦੀ ਤਰ੍ਹਾਂ ਆਮ ਆਦਮੀ ਪਾਰਟੀ ਵੱਲੋਂ ਵੀ ਕੇਵਲ ਲੋਲੀਪਾਪ ਹੀ ਦਿੱਤੇ ਜਾ ਰਹੇ ਹਨ। ਓਹੀ ਮੰਤਰੀ ਜੋ ਬਣਨ ਤੋਂ ਪਹਿਲਾਂ ਕੋਈ ਸਕਿਊਰਟੀ ਨਾ ਲੈਣ ਤੇ ਬਿਨਾ ਤਨਖ਼ਾਹ ਤੋਂ ਕੰਮ ਕਰਨ ਦੀਆਂ ਗੱਲਾਂ ਕਰਦੇ ਸਨ, ਅੱਜ ਆਪਣੀ ਕੋਠੀ ਅੱਗੇ ਵੀ ਵੱਡੀ ਗਿਣਤੀ ‘ਚ ਪੁਲਿਸ ਦਾ ਇਕੱਠ ਰੱਖਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀਆਂ ਕੁਰਸੀਆਂ ਓਹੀ ਹਨ, ਸਿਰਫ਼ ਤੇ ਸਿਰਫ਼ ਚਿਹਰੇ ਹੀ ਬਦਲੇ ਹਨ।
ਪਰਿਵਾਰ ਸਮੇਤ ਕੋਠੀ ਛੱਡ ਮੰਤਰੀ ਹੋਇਆ ਫਰਾਰ – ਪੀ ਟੀ ਆਈ ਅਧਿਆਪਕ:-
ਗੱਲਬਾਤ ਕਰਦੇ ਹੋਏ ਬੀਬਾ ਪਵਿੱਤਰ ਕੌਰ ਬਠਿੰਡਾ ਨੇ ਕਿਹਾ ਕਿ ਸਿੱਖਿਆ ਤੇ ਖੇਡ ਮੰਤਰੀ ਆਪਣੇ ਪਰਿਵਾਰ ਸਮੇਤ ਸ਼ਹਿਰ ਛੱਡ ਕਿਤੇ ਹੋਰ ਵਸਣ ਦੀਆਂ ਤਿਆਰੀਆਂ ‘ਚ ਜੁਟਿਆ ਹੋਇਆ ਹੈ। ਰੋਸ ਪ੍ਰਗਟ ਕਰਦੇ ਹੋਏ ਪੀਟੀਆਈ ਯੂਨੀਅਨ ਵੱਲੋਂ ਕਿਹਾ ਗਿਆ ਕਿ ਉਹੀ ਮੰਤਰੀ ਰਵਾਇਤੀ ਪਾਰਟੀਆਂ ਦੀ ਹੋਂਦ ਵੇਲੇ ਸਾਡੇ ਨਾਲ ਧਰਨੇ ‘ਚ ਸ਼ਮੂਲੀਅਤ ਕਰਦੇ ਸਨ ਅੱਜ ਆਪਣਾ ਚਿਹਰਾ ਵਿਖਾਉਣ ਤੋਂ ਵੀ ਡਰਦੇ ਹਨ। ਇਸ ਮੌਕੇ ਗੁਰਲਾਭ ਸਿੰਘ ਭੋਲਾ ਯੁਨੀਅਨ ਪ੍ਰਧਾਨ, ਗੁਰਦੀਪ ਸਿੰਘ ਸਰਸਾ, ਜਸਵਿੰਦਰ ਸਿੰਘ ਅੱਕਾਂਵਾਲੀ, ਮੋਨੂੰ ਪਟਿਆਲ਼ਾ, ਰਾਜਪਾਲ ਜਲਾਲਾਬਾਦ, ਨਿਰਮਲ ਸਿੰਘ ਭਾਈ ਰੂਪਾ, ਸ਼ਿਪੀ ਸ਼ਰਮਾ ਮਾਨਸਾ, ਪਰਮਿੰਦਰ ਕੌਰ, ਪੁਸ਼ਵਿੰਦਰ ਕੌਰ, ਕੈਲਾਸ਼ ਰਾਣੀ, ਅੰਜੂ ਰਾਣੀ ਹਾਜ਼ਰ ਸਨ।