ਸ੍ਰੀ ਮੁਕਤਸਰ ਸਾਹਿਬ ( ਤਰਸੇਮ ਢੁੱਡੀ), 11 ਮਈ 2022
ਸ੍ਰੀ ਮੁਕਤਸਰ ਸਾਹਿਬ ਦੇ ਐਸ ਐਸ ਪੀ ਦਫ਼ਤਰ ਦੇ ਸਾਹਮਣੇ ਅੱਜ ਪਿੰਡ ਭੰਗਚੜ੍ਹੀ ਦੇ ਵਾਸੀਆਂ ਨੇ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਪਿੰਡ ਵਿਚ ਬੀਤੇ ਕੱਲ ਇੱਕ ਨੌਜਵਾਨ ਦੀ ਮੌਤ ਕਥਿਤ ਤੌਰ ਤੇ ਨਸ਼ੀਲੀ ਵਸਤੂ ਦੇਣ ਤੇ ਹੋਈ ਹੈ। ਜਿੰਨ੍ਹਾ ਘਰ ਨੌਜਵਾਨ ਦੀ ਮੌਤ ਹੋਈ ਉਹਨਾਂ ਕਾਫ਼ੀ ਸਮਾਂ ਮ੍ਰਿਤਕ ਨੌਜਵਾਨ ਨੂੰ ਆਪਣੇ ਘਰ ਪਾਈ ਰੱਖਿਆ ਅਤੇ ਉਸਦੇ ਪਰਿਵਾਰ ਮੈਂਬਰਾਂ ਨੂੰ ਕਾਫ਼ੀ ਦੇਰੀ ਨਾਲ ਦਸਿਆ।
ਪਿੰਡ ਵਾਸੀਆਂ ਅਨੁਸਾਰ ਪਿੰਡ ਵਿਚ ਚਿੱਟੇ ਦਾ ਨਸ਼ਾ ਸ਼ਰੇਆਮ ਵਿਕਦਾ ਹੈ ਅਤੇ ਇਸ ਨੌਜਵਾਨ ਨੂੰ ਵੀ ਚਿੱਟੇ ਦੇ ਨਸ਼ੇ ਨਾਲ ਮਾਰਿਆ ਗਿਆ। ਇਸ ਮੌਕੇ ਪਿੰਡ ਵਾਲਿਆਂ ਦੋਸ਼ ਲਾਏ ਕਿ ਪਿੰਡ ਵਿਚ ਚਿੱਟਾ ਵਿਕਦਾ ਪਰ ਪੁਲਿਸ ਪ੍ਰਸਾਸ਼ਨ ਕਾਰਵਾਈ ਨਹੀਂ ਕਰਦਾ।
ਹੁਣ ਨੌਜਵਾਨ ਦੀ ਬੀਤੇ ਕੱਲ ਦੀ ਹੋਈ ਮੌਤ ਦੇ ਬਾਵਜੂਦ ਵੀ ਮਾਮਲਾ ਦਰਜ਼ ਨਹੀਂ ਕੀਤਾ ਜਾ ਰਿਹਾ।ਧਰਨਾਕਾਰੀਆਂ ਨੇ ਇਸ ਮੌਕੇ ਸੀ ਸੀ ਟੀ ਵੀ ਫੁਟੇਜ਼ ਦਿਖਾਉਂਦਿਆ ਕਿਹਾ ਕਿ ਇਸ ਸੀ ਸੀ ਟੀ ਵੀ ਵਿਚ ਪਿੰਡ ਦੇ ਹੀ ਤਿੰਨ ਨੌਜਵਾਨ ਮ੍ਰਿਤਕ ਨੂੰ ਚੁੱਕ ਕੇ ਲਿਆ ਰਹੇ ਹਨ।
ਧਰਨਾਕਾਰੀਆਂ ਅਨੁਸਾਰ ਨੌਜਵਾਨ ਦੀ ਮੌਤ ਵੀ ਕਥਿਤ ਤੌਰ ਤੇ ਚਿੱਟੇ ਕਾਰਨ ਹੋਈ ਹੈ। ਇਸ ਮੌਕੇ ਤੇ ਪਿੰਡ ਵਾਸੀਆਂ ਪੁਲਿਸ ਪ੍ਰਸਾਸ਼ਨ ਅਤੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।ਕਰੀਬ ਇੱਕ ਘੰਟਾ ਚੱਲਿਆ ਇਹ ਧਰਨਾ ਆਖਰ ਪੁਲਿਸ ਅਧਿਕਾਰੀਆਂ ਵੱਲੋਂ ਮਾਮਲਾ ਦਰਜ਼ ਕਰਨ ਭਰੋਸੇ ਉਪਰੰਤ ਚੁੱਕਿਆ ਗਿਆ।