ਹੁਸ਼ਿਆਰਪੁਰ (ਅਮਰੀਕ ਕੁਮਾਰ ), 4 ਅਪ੍ਰੈਲ 2022
ਅੱਜ ਹੁਸਿ਼ਆਰਪੁਰ ਦੀ ਰਹੀਮਪੁਰ ਮੰਡੀ ਚ ਰੇਹੜੀ ਲਗਾਉਣ ਵਾਲੇ ਵਿਅਕਤੀਆਂ ਵਲੋਂ ਠੇਕੇਦਾਰ ਦੁਆਰਾ ਕੀਤੀ ਜਾਂਦੀ ਨਾਜਾਇਜ਼ ਵਸੂਲੀ ਤੋਂ ਤੰਗ ਹੋ ਕੇ ਰਹੀਮਪੁਰ ਮੁੱਖ ਮਾਰਗ ਨੂੰ ਜਾਮ ਕਰ ਦਿੱਤਾ ਤੇ ਮੰਡੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।ਸੂਚਨਾ ਮਿਲਦਿਆਂ ਹੀ ਪੁਰਹੀਰਾਂ ਪੁਲਿਸ ਚੌਕੀ ਦੇ ਕਰਮਚਾਰੀ ਵੀ ਮੌਕੇ ਤੇ ਪਹੁੰਚ ਗਏ ਤੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੌਕੇ ਤੇ ਮੌਜੂਦ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਮੰਡੀ ਚ ਰੇਹੜੀ ਲਗਾਉਣ ਵਾਲਿਆਂ ਤੋਂ ਠੇਕੇਦਾਰ ਵਲੋਂ ਗੁੰਡਾਗਰਦੀ ਕਰਕੇ ਨਾਜਾਇਜ਼ ਵਸੂਲੀ ਕੀਤੀ ਜਾਂਦੀ ਹੈ ਤੇ ਜੇਕਰ ਕੋਈ ਵਿਅਕਤੀ ਇਸਦਾ ਵਿਰੋਧ ਕਰਦਾ ਹੈ ਤਾਂ ਉਸ ਨਾਲ ਗਾਲੀ ਗਲੌਚ ਅਤੇ ਕੁੱਟ ਮਾਰ ਕੀਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਹੁਸਿ਼ਆਰਪੁਰ ਤੋਂ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵਲੋਂ ਮੰਡੀ ਦਾ ਦੌਰਾ ਕਰਕੇ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਗਏ ਸਨ ਕਿ ਮੰਡੀ ਚ ਰੇਹੜੀ ਲਗਾਉਣ ਵਾਲਿਆਂ ਤੋਂ ਸਰਕਾਰੀ ਫੀਸ ਹੀ ਲਈ ਜਾਵੇ ਤੇ ਇਸ ਤੋਂ ਵੱਧ ਇਕ ਵੀ ਰੁਪਿਆ ਨਾ ਲਿਆ ਜਾਵੇ l
ਪਰੰਤੂ ਠੇਕੇਦਾਰ ਵਲੋਂ ਮੰਤਰੀ ਦੇ ਹੁਕਮਾਂ ਦੀ ਵੀ ਪ੍ਰਵਾਹ ਕੀਤਿਆਂ ਬਿਨਾਂ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਏ।ਇਸ ਮੌਕੇ ਰੇਹੜੀ ਵਾਲਿਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਠੇਕੇਦਾਰ ਵਲੋਂ ਅਜਿਹੀ ਨਾਜਾਇਜ਼ ਵਸੂਲੀ ਅਤੇ ਗੁੰਡਾਗਰਦੀ ਬੰਦ ਨਾ ਕੀਤੀ ਗਈ ਤਾਂ ਉਨ੍ਹਾਂ ਵਲੋਂ ਆਉਣ ਵਾਲੇ ਸਮੇਂ ਚ ਹੋਰ ਵੀ ਤੀਖਾ ਸੰਘਰਸ਼ ਕੀਤਾ ਜਾਵੇਗਾ ਜਿਸਦੀ ਸਾਰੀ ਜਿ਼ੰਮੇਾਰੀ ਮੰਡੀ ਬੋਰਡ ਅਤੇ ਪ੍ਰਸ਼ਾਸਨ ਦੀ ਹੋਵੇਗੀ।