ਮੋਹਾਲੀ(ਕਮਲਜੀਤ ਸਿੰਘ ਬਨਵੈਤ)25, ਫ਼ਰਵਰੀ 2023
ਸ਼੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਲਈ ਕੇਵਲ ਧਾਰਮਿਕ ਗ੍ਰੰਥ ਦਾ ਦਰਜਾ ਹੀ ਨਹੀਂ ਰੱਖਦੇ ਬਲਕਿ ਜਾਗਤ ਜੋਤ ਗੁਰੂ ਮੰਨਦੇ ਹਨ।ਇਹੋ ਵਜ੍ਹਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੰਜੀ ਦੇ ਉੱਪਰ ਚੰਦੋਆ ਲਗਾ ਕੇ ਪ੍ਰਕਾਸ਼ ਕੀਤਾ ਜਾਂਦਾ ਹੈ।ਚੌਰ ਬਰਦਾਰ ਸੇਵਾ ਵਿੱਚ ਹਾਜ਼ਰ ਰਹਿੰਦਾ ਹੈ। ਇਹ ਪਾਤਸ਼ਾਹੀ ਚਿੰਨ੍ਹ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਹੀ ਹਨ। ਇਹ ਸਤਿਕਾਰ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਭੌਤਿਕ ਆਕਾਰ ਕਰਕੇ ਨਹੀਂ ਸਗੋਂ ਇਸ ਵਿੱਚ ਦਰਜ ਅਲਾਹੀ ਬਾਣੀ ਕਰਕੇ ਹੈ।
ਦੂਜੇ ਪਾਸੇ ਜਾਣੇ-ਅਣਜਾਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੇ ਕੁਝ ਅਜਿਹੇ ਰੂਪ ਕਾਇਮ ਕਰ ਲਏ ਗਏ ਹਨ ਜਿਹਨਾਂ ਦਾ ਸਿੱਖ ਸਿਧਾਂਤਾ ਅਤੇ ਮਰਿਆਦਾ ਕੋਈ ਸੰਬੰਧ ਨਹੀਂ ਹੈ। ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਸਰੂਪਾਂ ਦੀ ਮਨ-ਮਰਜ਼ੀ ਨਾਲ ਪ੍ਰਕਾਸ਼ਨਾ ਅਤੇ ਅਰਥਾਂ ਦੇ ਅਨਰਥ ਕਰਨਾ ਸ਼ਾਮਲ ਹੈ।ਬਦਕਿਸਮਤੀ ਨਾਲ ਗੁਰੂਘਰਾਂ ਵਿੱਚ ਵੀ ਮਰਿਆਦਾ ਦੀ ਪਾਲਣਾ ਨਾ ਕਰਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।
ਪਿਛਲੇ ਸਮੇਂ ਦੌਰਾਨ ਕਈ ਬਦਕਿਸਮਤ ਘਟਨਾਵਾਂ ਵਾਪਰੀਆਂ ਹਨ ਜਿਹਨਾਂ ਦੇ ਸਿੱਖਾਂ ਹਿਰਦੇ ਵਲੂੰਧਰੇ ਹਨ। ਇਹ ਘਟਨਾਵਾਂ ਚਾਹੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਲਾਪਤਾ ਹੋਣ ਦੀਆਂ ਹੋਣ ਜਾਂ ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜੇ ਜਾਣ ਦੀਆਂ ਹੋਣ।ਸਭ ਤੋਂ ਪਹਿਲਾਂ ਜੂਨ 2015 ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਟੇ ਹੋਏ ਅੰਗ ਨਾਲੀਆਂ ਚੋਂ ਮਿਲੇ ਸਨ।ਤਾਂ ਇੱਕ ਵਾਰ ਤਾਂ ਇੰਝ ਲੱਗਣ ਲੱਗਾ ਸੀ ਜਿਵੇਂ ਆਸਮਾਨ ਢਾਹ ਗਿਆ ਹੋਵੇ।ਉਸ ਤੋਂ ਬਾਅਦ ਬੇਹੁਰਮਤੀ ਦੀਆਂ ਵਾਪਰੀਆਂ ਲਗਾਤਾਰ ਘਟਨਾਵਾਂ ਅਤੇ ਇਨਸਾਫ਼ ਮੰਗਦੇ ਲੋਕਾਂ ਉੱਤੇ ਚੱਲੀਆਂ ਪੁਲਿਸ ਦੀਆਂ ਗੋਲੀਆਂ ਨੇ ਸਿੱਖਾਂ ਦੇ ਜਖ਼ਮਾਂ ਨੂੰ ਮੁੜ ਹਰਿਆ ਕੀਤਾ। ਪੰਜਾਬ ਇਨਸਾਫ਼ ਮੰਗਦਾ ਰਿਹਾ ਪਰ ਸਰਕਾਰਾਂ ਟਾਲ੍ਹਾਂ ਵੱਟਦੀਆਂ ਰਹੀਆਂ।ਇਹੋ ਵਜ੍ਹਾ ਹੈ ਕਿ ਤਿੰਨ ਮੁੱਖ ਮੰਤਰੀਆਂ ਦੀ ਕੁਰਸੀ ਜਾਂਦੀ ਰਹੀ।ਸਰਕਾਰਾਂ ਵੱਲੋਂ ਕਮਿਸ਼ਨ ਵੀ ਬਣਾਏ ਗਏ ਅਤੇ ਵਿਸ਼ੇਸ ਜਾਂਚ ਟੀਮਾਂ ਵੀ ਪਰ ਮਾਮਲਾ ਲਟਕਦਾ ਰਿਹਾ।
ਲੰਘੇ ਕੱਲ੍ਹ 14 ਅਕਤੂਬਰ 2015 ਨੂੰ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਵੱਲੋਂ 7000 ਪੰਨਿਆਂ ਦੀ ਅਦਾਲਤ ਵਿੱਚ ਚਾਰਜ਼ ਸੀਟ ਪੇਸ਼ ਕੀਤੀ ਗਈ ਸੀ ਹੈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ,ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਸ ਵੇੇਲੇ ਪੁਲਿਸ ਮੁੱਖੀ ਸੁਮੇਧ ਸੈਣੀ ਸਣੇ 8 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ।ਸੁਖਬੀਰ ਬਾਦਲ ਅਤੇ ਸੁਮੇਧ ਸੈਣੀ ਨੂੰ ਮਾਸਟਰ ਮਾਈਂਡ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਸਾਜਿਸ਼ ਵਿੱਚ ਸਾਥ ਦੇਣ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ ।ਇਹਨਾਂ ਤੋਂ ਇਲਾਵਾ ਪਰਮਰਾਜ ਸਿੰਘ ਓਮਰਾਨੰਗਲ, ਸਾਬਕਾ ਐੱਸਐੱਸਪੀ ਸੁੱਖਮੰਦਰ ਸਿੰਘ ਮਾਨ,ਸਾਬਕਾ ਡੀਆਈਜੀ ਅਮਰ ਸਿੰਘ ਚਹਿਲ, ਸਾਬਕਾ ਐੱਸਐੱਸਪੀ ਚਰਨਜੀਤ ਸਿੰਘ ਸ਼ਰਮਾ ਅਤੇ ਥਾਣਾ ਕੋਟਕਪੂਰਾ ਦੇ ਇੰਚਾਰਜ ਗੁਰਦੀਪ ਸਿੰਘ ਪੰਧੇਰ ਨੂੰ ਨਾਮਜ਼ਦ ਕੀਤਾ ਗਿਆ ਹੈ।ਇਸ ਤੋਂ ਪਹਿਲਾਂ 2021 ਨੂੰ ਪੁਲਿਸ ਵੱਲੋਂ ਦਾਇਰ ਰਿਪੋਰਟ ਨੂੰ ਹਾਈਕੋਰਟ ਨੇ 7 ਅਪ੍ਰੈਲ 2021 ਨੂੰ ਖਾਰਜ਼ ਕਰ ਦਿੱਤਾ ਸੀ। ਸੁਖਬੀਰ ਸਿੰਘ ਬਾਦਲ ਨੇ ਦੋਸ਼ਾਂ ਤੋਂ ਇਹ ਆਖ ਕੇ ਪੱਲਾ ਛਾੜ ਦਿੱਤਾ ਹੈ ਕਿ ਉਹ ਤਾਂ ਉਸ ਦਿਨ ਪੰਜਾਬ ਵਿੱਚ ਹੀ ਨਹੀਂ ਸਨ ਅਤੇ ਨਾ ਹੀ ਉਹਨਾਂ ਦੀ ਕਿਸੇ ਅਫ਼ਸਰ ਨਾਲ ਫੋਨ ‘ਤੇ ਗੱਲ ਹੋਈ।
ਚਾਰਜ਼ਸੀਟ ਅਨੁਸਾਰ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਉਸ ਵੇਲੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸਨ ਅਤੇ ਗ੍ਰਹਿ ਵਿਭਾਗ ਵੀ ਉਹਨਾਂ ਦੇ ਕੋਲ ਹੀ ਸੀ।ਗ੍ਰਹਿ ਵਿਭਾਗ ਅਮਨ-ਕਾਨੂੰਨ ਲਈ ਜ਼ਿੰਮੇਵਾਰ ਹੋਣ ਕਰਕੇ ਪੁਲਿਸ ਵਿਭਾਗ ਸੁਖਬੀਰ ਦੇ ਤਹਿਤ ਪੈਂਦਾ ਸੀ।ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਘਟਨਾ ਦੌਰਾਨ ਉਹ ਆਪਣੇ ਪੀਏ ਰਾਂਹੀ ਕੋਟਕਪੂਰਾ ਦੇ ਉਸ ਵੇਲੇ ਦੇ ਵਿਧਾਇਕ ਅਤੇ ਡੀਜੀਪੀ ਦੇ ਨਾਲ ਸੰਪਰਕ ਵਿੱਚ ਸਨ।ਸੁਮੇਧ ਸੈਣੀ ਕਿਉਂਕਿ ਉਸ ਵੇਲੇ ਡੀਜੀਪੀ ਸਨ ਇਸ ਕਰਕੇ ਪੁਲਿਸ ਦੀ ਕਮਾਨ ਉਹਨਾਂ ਦੇ ਹੱਥ ਵਿੱਚ ਸੀ।ਉਹ ਪੰਜਾਬ ਪੁਲਿਸ ਨੂੰ ਫਾਈਰਿੰਗ ਦੇ ਆਦੇਸ਼ ਦੇਣ ਦੀ ਜ਼ਿੰਮੇਵਾਰ ਠਹਿਰਾਏ ਗਏ ਹਨ।
ਪੰਜਾਬ ਦੇ ਉਸ ਵੇਲੇ ਦੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਅਮਨ ਕਾਨੂੰਨ ਲਈ ਜ਼ਿੰਮੇਵਾਰ ਦੱਸਿਆ ਗਿਆ ਹੈ ਉਹਨਾਂ ਦੀ ਮਰਜ਼ੀ ਦੇ ਬਿਨ੍ਹਾਂ ਪੁਲਿਸ ਵੱਲੋਂ ਅਜਿਹਾ ਵੱਡਾ ਕਦਮ ਉਠਾਉਣਾ ਅਸੰਭਵ ਸੀ ।ਇਸ ਲਈ ਉਹਨਾਂ ਦਾ ਨਾਮ ਵੀ ਚਾਰਜ਼ਸੀਟ ਵਿੱਚ ਸ਼ਾਮਲ ਕੀਤਾ ਗਿਆ ਹੈ।ਤਤਕਾਲੀ ਡੀਜੀਪੀ ਫਿਰੋਜ਼ਪੁਰ ਰੇਂਜ ਅਮਰ ਸਿੰਘ ਚਹਿਲ ਘਟਨਾ ਮੌਕੇ ਮੌਜੂਦ ਸਨ।ਉਹਨਾਂ ‘ਤੇ ਗੋਲੀ ਚਲਾਉਣ ਦੇ ਹੁਕਮ ਦੇਣ ਦਾ ਸ਼ੱਕ ਜਤਾਇਆ ਗਿਆ ਹੈ।ਚਰਨਜੀਤ ਸਿੰਘ ਚਾਹੇ ਫਰੀਦਕੋਟ ਦੇ ਐੱਸਐੱਸਪੀ ਨਹੀਂ ਸਨ ਪਰ ਉਹ ਕੋਟਕਪੂਰਾ ਪਹੁੰਚੇ ਹੋਏ ਸਨ।ਉਹਨਾਂ ‘ਤੇ ਪ੍ਰਦਰਸ਼ਨਕਾਰੀਆਂ ‘ਤੇ ਗੋਲੀ ਚਲਾਉਣ ਦਾ ਦੋਸ਼ ਹੈ।ਫਰੀਦਕੋਟ ਦੇ ਐੱਸਐੱਸਪੀ ਸੁੱਖਮੰਦਰ ਸਿੰਘ ਮਾਨ ਵੀ ਘਟਨਾ ਸਥਾਨ ‘ਤੇ ਮੌਜੂਦ ਸਨ।ਉਹਨਾਂ ਉੱਤੇ ਗੋਲੀ ਦੇ ਆਰਡਰ ਦੇਣ ਦੇ ਦੋਸ਼ ਲੱਗੇ ਹਨ ਪਰ ਉਹ ਜਾਂਚ ਦੌਰਾ ਛੁਪਾਉਂਦੇ ਰਹੇ।ਕੋਟਕਪੂਰਾ ਦੇ ਥਾਣਾ ਇੰਚਾਰਜ ਗੁਰਦੀਪ ਸਿੰਘ ਪੰਧੇਰ ‘ਤੇ ਤੱਥ ਛੁਪਾਉਣ ਦੀ ਦੋਸ਼ ਹਨ।
ਆਈਜੀ ਪਰਮਰਾਜ ਸਿੰਘ ਓਮਰਾਨੰਗਲ ਵੀ ਬਿਨ੍ਹਾਂ ਕਿਸੇ ਆਦੇਸ਼ਾਂ ਤੋਂ ਕੋਟਕਪੂਰਾ ਪਹੁੰਚ ਗਏ ਹਨ।ਉਹ ਘਟਨਾ ਵੇਲੇ ਉੱਥੇ ਮੌਜੂਦ ਰਹੇ ਸਨ।ਉਹ ਫਰੀਦਕੋਟ ਦੇ ਐੱਸਐੱਸਪੀ ਰਹੇ ਹਨ। ਅਤੇ ਉਹਨਾਂ ਦੇ ਉਸ ਇਲਾਕੇ ਵਿੱਚ ਚੰਗੇ ਲੰਿਕ ਦੱਸੇ ਜਾ ਰਹੇ ਹਨ।
ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੇਅਦਬੀ ਦੇ ਦੋਸ਼ੀਆਂ ਨੂੰ 24 ਘੰਟਿਆਂ ਅੰਦਰ ਜੇਲ੍ਹ ਡੱਕਣ ਦਾ ਵਾਅਦਾ ਕੀਤਾ ਸੀ।ਪਰ ਦੇਰੀ ਹੁੰਦੀ ਗਈ।ਜਿਸ ਕਰਕੇ ਲੋਕਾਂ ਵਿੱਚ ਤਾਂ ਰੋਹ ਵਧਿਆ ਹੀ ਪਾਰਟੀ ਦੇ ਆਪਣੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਨੇ ਵੀ ਵਿਰੋਧ ਸ਼ੁਰੂ ਕਰ ਦਿੱਤਾ ਸੀ।ਸਰਕਾਰਾਂ ਅਤੇ ਅਦਾਲਤਾਂ ਦੀ ਜ਼ਿੰਮੇਵਾਰੀ ਇਨਸਾਫ਼ ਦੇਣਾ ਹੁੰਦਾ ਹੈ।ਕੱਲ੍ਹ ਅਦਾਲਤ ਵਿੱਚ ਚਲਾਨ ਪੇਸ਼ ਕਰਨ ਨਾਲ ਨਿਆਂ ਦੀ ਉਮੀਦ ਬੱਝੀ ਹੈ।
ਸੰਪਰਕ: 9814734035