ਚੰਡੀਗੜ੍ਹ (ਸਕਾਈ ਨਿਊਜ਼ ਪੰਜਾਬ), 16 ਅਪ੍ਰੈਲ 2022
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ 1 ਜੁਲਾਈ ਤੋਂ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਐਲਾਨ ਕੀਤਾ ਗਿਆ ਹੈ।ਮਾਨ ਸਰਕਾਰ ਦੇ ਇਸ ਫ਼ੈਸਲੇ ਦਾ ਜਿੱਥੇ ਲੋਕਾਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ। ਉਥੇ ਹੀ ਵਿਰੋਧੀਆਂ ਵੱਲੋਂ ਮਾਨ ਸਰਕਾਰ ‘ਤੇ ਤੰਜ ਕੱਸੇ ਜਾ ਰਹੇ ਨੇ। ਸੀਐੱਮ ਮਾਨ ਦੇ ਐਲਾਨ ਤੋਂ ਤੁਰੰਤ ਬਾਅਦ ਆਮ ਆਦਮੀ ਪਾਰਟੀ ਤੋਂ ਕਾਂਗਰਸ ‘ਚ ਸ਼ਾਮਲ ਹੋਏ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਵਾਲ ਪੁੱਛਿਆ ਹੈ।
ਸੁਖਪਾਲ ਖਹਿਰਾ ਨੇ ਆਪਣੇ ਸਵਾਲ ਆਪਣੇ ਟਵਿਟਰ ਅਕਾਊਂਟ ‘ਤੇ ਪੋਸਟ ਕੀਤੇ ਹਨ। ਉਨ੍ਹਾਂ ਕਿਹਾ ਕਿ ਮੈਂ ਮੁੱਖ ਮੰਤਰੀ ਭਗਵੰਤ ਮਾਨ ਦੇ 300 ਯੂਨਿਟ ਫ੍ਰੀ ਬਿਜਲੀ ਦਿੱਤੇ ਜਾਣ ਦੇ ਫੈਸਲੇ ਦਾ ਸਵਾਗਤ ਕਰਦਾ ਹਾਂ ਪਰ ਮੈਂ ਸੂਬੇ ਦੇ ਮੱੁਖੀ ਤੋਂ ਇਹ ਪੁੱਛਣਾ ਚਾਹੁੰਦਾ ਹਾਂ ਕਿ 300 ਯੂਨਿਟ ਮੁਫਤ ਬਿਜਲੀ ਪਹਿਲੀ ਅਪ੍ਰੈਲ ਤੋਂ ਹੀ ਲਾਗੂ ਕਿਉਂ ਨਹੀਂ ਕੀਤੀ ਗਈ?… ਜੁਲਾਈ ਤੋਂ ਇਸ ਦੀ ਸ਼ੁਰੂਆਤ ਕਿਉਂ ਕੀਤੀ ਜਾਵੇਗੀ?……….ਖਜ਼ਾਨਾ ਖਾਲੀ ਹੈ?
ਪੈਸੇ ਦੇ ਪ੍ਰਬੰਧ ਦਾ ਕੋਈ ਈਸ਼ੂ ਹੈ?…. ਉਨ੍ਹਾਂ ਐਲਾਨ ‘ਤੇ ਸਵਾਲ ਖੜ੍ਹਾ ਕੀਤਾ ਕਿ 300 ਯੂਨਿਟ ਤਾਂ ਸਰਕਾਰ ਨੇ ਮੁਫਤ ਕਰ ਦਿੱਤੇ ਹਨ ਪਰ ਜੇਕਰ 301 ਯੂਨਿਟ ਖਰਚ ਹੋ ਜਾਂਦੇ ਹਨ ਤਾਂ ਕੀ ਬਿੱਲ ਪੂਰਾ ਆਏਗਾ ਜਾਂ ਫਿਰ 300 ਯੂਨਿਟ ਘਟਾਉਣ ਦੇ ਬਾਅਦ ਬਿੱਲ ਆਏਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਪੱਸ਼ਟ ਕਰਨ ਕਿ 301 ਯੂਨਿਟ ਖਰਚ ਹੋਣ ‘ਤੇ ਕੀ ਬਿੱਲ ਪੂਰਾ ਆਏਗਾ।
ਖਹਿਰਾ ਨੇ ਸੂਬੇ ਵਿਚ ਫ੍ਰੀ ਬਿਜਲੀ ‘ਤੇ ਚੱਲ ਰਹੇ ਖੇਤਾਂ ਦੇ ਟਿਊਬਵੈੱਲਾਂ ਨੂੰ ਲੈ ਕੇ ਸਵਾਲ ਕੀਤੇ ਹਨ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਮਾਨ ਤੋਂ ਪੁੱਛਿਆ ਹੈ ਕਿ ਆਖਿਰ ਵਿਚ ਉਹ ਇਹ ਵੀ ਦੱਸ ਦੇਣ ਕਿ ਸੂਬੇ ਵਿਚ ਟਿਊਬਵੈਲਾਂ ‘ਤੇ ਸਬਸਿਡੀ ਜਾਰੀ ਰਹੇਗੀ ਜਾਂ ਫਿਰ ਇਸ ਨੂੰ ਖਤਮ ਕਰਨਦੀ ਕੋਈ ਯੋਜਨਾ ਬਣਾਈ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਸੀਐਮ ਭਗਵੰਤ ਮਾਨ ਨੇ ਸੂਬੇ ਦੇ ਲੋਕਾਂ ਲਈ 300 ਯੂਨਿਟ ਮੁਫਤ ਬਿਜਲੀ ਦੇਣ ਦਾ ਐਲਾਨ ਕੀਤਾ ਹੈ।1 ਜੁਲਾਈ ਤੋਂ ਪੰਜਾਬ ਦੇ ਲੋਕਾਂ ਨੂੰ 300 ਯੂਨਿਟ ਮੁਫਤ ਬਿਜਲੀ ਮਿਲੇਗੀ। ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇੱਕ ਮਹੀਨਾ ਪੂਰਾ ਹੋਣ ‘ਤੇ ਸੀਐਮ ਮਾਨ ਨੇ ਇਸ ਦਾ ਐਲਾਨ ਕੀਤਾ।