ਹੁਸ਼ਿਆਰਪੁਰ( ਅਮਰੀਕ ਕੁਮਾਰ), 6 ਮਈ 2022
ਹੁਸਿ਼ਆਰਪੁਰ ਨਗਰ ਨਿਗਮ ਚ ਕੰਮ ਕਰਦੇ ਸਫਾਈ ਕਰਮਚਾਰੀ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਹੜਤਾਲ ਅੱਜ 10ਵੇਂ ਦਿਨ ਚ ਸ਼ਾਮਿਲ ਹੋ ਗਈ। ਅੱਜ ਸਫਾਈ ਕਰਮਚਾਰੀ ਯੂਨੀਅਨ ਨੂੰ ਉਸ ਵਕਤ ਵੱਡਾ ਸਮਰਥਨ ਮਿਲਿਆ l ਜਦੋਂ ਕਾਂਗਰਸੀ ਕੌਂਸਲਰਾਂ ਵਲੋਂ ਆ ਕੇ ਧਰਨੇ ਚ ਸ਼ਮੂਲੀਅਤ ਕੀਤੀ ਤੇ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੂੰ ਲੰਮੇ ਹੱਥੀਂ ਲਿਆ।
ਗੱਲਬਾਤ ਦੌਰਾਨ ਯੂਨੀਅਨ ਦੇ ਪ੍ਰਧਾਨ ਕਰਨਜੋਤ ਆਦੀਆ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਤਾਂ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਸਫਾਈ ਕਰਮਚਾਰੀਆਂ ਦੇ ਨਾਲ ਉਨ੍ਹਾਂ ਦੇ ਧਰਨਿਆਂ ਚ ਆ ਕੇ ਬੈਠਦੇ ਸਨ l ਪਰੰਤੂ ਹੁਣ ਮੰਤਰੀ ਸਾਬ੍ਹ ਨੂੰ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਵਲੋਂ ਸਫਾਈ ਕਰਮਚਾਰੀਆਂ ਨੂੰ ਡੀਸੀ ਰੇਟ ਤੇ ਪੱਕੇ ਕਰਨ ਦਾ ਫੈਸਲਾ ਕੀਤਾ ਗਿਆ ਸੀ l
ਪਰੰਤੂ ਬੜੇ ਦੁਖ ਦੀ ਗੱਲ ਹੈ ਕਿ ਰੁਜ਼ਗਾਰ ਦੇਣ ਦੀਆਂ ਦੁਹਾਈਆਂ ਦੇਣ ਵਾਲੀ ਆਮ ਆਦਮੀ ਪਾਰਟੀ ਤੇ ਉਨ੍ਹਾਂ ਦੇ ਮੰਤਰੀ ਸਮੇਤ ਨਿਗਮ ਅਧਿਕਾਰੀਆਂ ਦੀਆਂ ਪਤਾ ਨਹੀਂ ਅਜਿਹਾ ਕਿਹੜੀਆਂ ਮਜ਼ਬੂਰੀਆਂ ਨੇ ਜੋ ਉਨ੍ਹਾਂ ਵਲੋਂ ਇਸ ਫੈਸਲੇ ਸਬੰਧੀ ਗੌਰ ਨਹੀਂ ਕੀਤਾ ਜਾ ਰਿਹਾ ਏ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਨ੍ਹਾਂ ਵਲੋਂ ਇਸੇ ਤਰ੍ਹਾਂ ਹੀ ਮੁਕੰਮਲ ਹੜਤਾਲ ਜਾਰੀ ਰੱਖੀ ਜਾਵੇਗੀ।ਇਸ ਮੌਕੇ ਕਾਂਗਰਸੀ ਕੌਂਸਲਰ ਪਵਿੱਤਰ ਸਿੰਘ ਨੇ ਕਿਹਾ ਕਿ ਕਾਂਗਰਸ ਦੇ ਸਮੂਹ ਕੌਂਸਲਰ ਅਤੇ ਆਗੂ ਸਫਾਈ ਕਰਮਚਾਰੀਆਂ ਨਾਲ ਮੌਢੇ ਨਾਲ ਮੋਢਾ ਜੋੜ ਕੇ ਖੜ੍ਹੇ ਨੇ ਤੇ ਜੇਕਰ ਲੋੜ ਪਈ ਤਾਂ ਉਹ ਸਰਕਾਰ ਵਿਰੁੱਧ ਸੰਘਰਸ਼ ਵੀ ਕਰਨਗੇ।