ਖੰਨਾ (ਪਰਮਿੰਦਰ ਵਰਮਾ), 28 ਮਈ 2022
ਖੰਨਾ ਵਿਖੇ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਉਪਰ ਦਰਦਨਾਕ ਸੜਕ ਹਾਦਸੇ ਚ ਇੱਕ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਇੱਕ ਔਰਤ ਅਤੇ ਉਸਦੇ ਦੋ ਜੁੜਵਾ ਬੱਚੇ ਹਾਦਸੇ ਚ ਇਸ ਸੰਸਾਰ ਤੋਂ ਸਦਾ ਲਈ ਚਲੇ ਗਏ।
ਮ੍ਰਿਤਕਾ ਦਾ ਪਤੀ ਅਤੇ ਸੱਸ ਗੰਭੀਰ ਜਖ਼ਮੀ ਹੋ ਗਏ। ਮ੍ਰਿਤਕਾ ਦੀ ਸ਼ਨਾਖ਼ਤ ਖੰਨਾ ਦੇ ਪਿੰਡ ਨਸਰਾਲੀ ਦੀ ਰਹਿਣ ਵਾਲੀ ਨਵਪ੍ਰੀਤ ਕੌਰ (30) ਵਜੋਂ ਹੋਈ। ਉਸਦਾ ਪਤੀ ਗੁਰਿੰਦਰ ਸਿੰਘ ਜਖ਼ਮੀ ਹੈ। ਪੁਲਸ ਨੇ ਮੌਕੇ ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਸੀ।
ਜਾਣਕਾਰੀ ਅਨੁਸਾਰ ਗੁਰਿੰਦਰ ਸਿੰਘ ਕਾਰ ਚ ਪਰਿਵਾਰ ਸਮੇਤ ਫ਼ਤਹਿਗੜ੍ਹ ਸਾਹਿਬ ਮੱਥਾ ਟੇਕਣ ਮਗਰੋਂ ਵਾਪਸ ਆਪਣੇ ਪਿੰਡ ਨਸਰਾਲੀ ਆ ਰਹੇ ਸੀ। ਜਦੋਂ ਉਹ ਖੰਨਾ ਦੇ ਪਿੰਡ ਬੁੱਲੇਪੁਰ ਕੋਲ ਪੁੱਜੇ ਤਾਂ ਇੱਥੇ ਪੁਲਸ ਨਾਕੇ ਵਾਲੀ ਥਾਂ ਉਪਰ ਪਹਿਲਾਂ ਤੋਂ ਹੀ ਹਾਦਸਾਗ੍ਰਸਤ ਗੱਡੀ ਖੜੀ ਸੀ।
ਇਸੇ ਦੌਰਾਨ ਤੇਜ ਰਫ਼ਤਾਰ ਟਰਾਲਾ ਕੰਟੇਨਰ ਲੈਕੇ ਜਾ ਰਿਹਾ ਸੀ ਤਾਂ ਟਰਾਲਾ ਚਾਲਕ ਨੇ ਇੱਕ ਦਮ ਬ੍ਰੇਕ ਲਗਾਏ। ਜਿਸ ਨਾਲ ਕੰਟੇਨਰ ਟਰਾਲੇ ਦਾ ਕੈਬਿਨ ਤੋੜ ਕੇ ਅੱਗੇ ਜਾ ਰਹੀ ਕਾਰ ਉਪਰ ਡਿੱਗ ਗਿਆ। ਕਾਰ ਪੂਰੀ ਤਰਾਂ ਨਾਲ ਪਿਸ ਗਈ।
ਕਾਰ ਦੀ ਪਿਛਲੀ ਸੀਟ ਉਪਰ ਬੈਠੀ ਨਵਪ੍ਰੀਤ ਕੌਰ ਅਤੇ ਉਸਦੇ ਬੱਚਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਕਾਰ ਚਲਾ ਰਿਹਾ ਗੁਰਿੰਦਰ ਅਤੇ ਉਸਦੀ ਨਾਲ ਦੀ ਸੀਟ ਉਪਰ ਬੈਠੀ ਗੁਰਿੰਦਰ ਦੀ ਮਾਂ ਜਖ਼ਮੀ ਹੋ ਗਏ। ਰਾਹਗੀਰਾਂ ਨੇ ਇਸ ਹਾਦਸੇ ਲਈ ਪੁਲਸ ਪ੍ਰਸ਼ਾਸਨ ਨੂੰ ਜਿੰਮੇਵਾਰ ਦੱਸਿਆ।