ਤਰਨਤਾਰਨ (ਰਿੰਪਲ ਗੋਲ੍ਹਣ), 5 ਮਈ 2022
ਥਾਣਾ ਕੱਚਾ ਪੱਕਾ ਅਧੀਨ ਆਉਂਦੇ ਪਿੰਡ ਸੂਰਵਿੰਡ ਦੀ ਇਕ ਬਜ਼ੁਰਗ ਜਨਾਨੀ ਦੀ ਉਸ ਦੀ ਨੂੰਹ ਵੱਲੋਂ ਕੁੱਟਮਾਰ ਕਰਨ ਦੀਆ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਤਸਵੀਰਾਂ ਸਾਹਮਣੇ ਆਉੁਣ ਤੋਂ ਬਾਅਦ ਜਾਣਕਾਰੀ ਇਕੱਤਰ ਕਰਨ ਲਈ ਪੱਤਰਕਾਰਾਂ ਦੀ ਟੀਮ ਪੀੜਤ ਬਜ਼ੁਰਗ ਜਨਾਨੀ ਦੇ ਘਰ ਪੁੱਜੀ।
ਪੀੜਤਾ ਪ੍ਰੀਤਮ ਕੌਰ (85) ਪਤਨੀ ਸਵ. ਜੋਗਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਪਤੀ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਸ ਦੇ ਚਾਰ ਪੁੱਤਰਾਂ ਦੀ ਵੀ ਮੌਤ ਹੋ ਚੁੱਕੀ ਹੈ।ਬਜ਼ੁਰਗ ਦਾ ਕਹਿਣਾ ਸੀ ਕਿ ਮੇਰੇ ਪੁੱਤਰ ਕੁਲਵੰਤ ਸਿੰਘ ਦੀ ਪਹਿਲੀ ਪਤਨੀ ਦੀ ਮੌਤ ਹੋ ਜਾਣ ਤੋਂ ਬਾਅਦ ਕੁਲਵੰਤ ਸਿੰਘ ਦਾ ਦੂਜਾ ਵਿਆਹ ਹੋਇਆ ਸੀ।
ਮੇਰੀ ਦੂਜੀ ਨੂੰਹ ਦਲਜੀਤ ਕੌਰ ਅਕਸਰ ਮੇਰੇ ਨਾਲ ਲੜਦੀ-ਝਗੜਦੀ ਰਹਿੰਦੀ ਹੈ ਅਤੇ ਬੇਵਜ੍ਹਾ ਮੇਰੀ ਕੁੱਟਮਾਰ ਕਰਦੀ ਰਹਿੰਦੀ ਹੈ। ਬੀਤੇ ਦਿਨ ਮੈਂ ਆਪਣੇ ਘਰ ਬੈਠੀ ਸੀ ਤਾਂ ਇਸ ਦੌਰਾਨ ਮੇਰੀ ਨੂੰਹ ਵੱਲੋਂ ਮੇਰੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਤੇ ਮੈਨੂੰ ਕਾਫੀ ਗਾਲੀ-ਗਲੋਚ ਕੀਤਾ ਗਿਆ। ਉਸ ਨੇ ਮੈਨੂੰ ਗੰਦੀਆਂ ਗਾਲ੍ਹਾਂ ਵੀ ਕੱਢੀਆਂ l ਇਸ ਸੰਬੰਧੀ ਜਦੋਂ ਨੂੰਹ ਦਲਜੀਤ ਕੌਰ ਨਾਲ ਗੱਲਬਾਤ ਕੀਤੀ ਤਾਂ ਉਸ ਦਾ ਕਹਿਣਾ ਸੀ ਕਿ ਬਜ਼ੁਰਗ ਮਾਤਾ ਪ੍ਰੀਤਮ ਕੌਰ ਵੱਲੋਂ ਮੈਨੂੰ ਲਗਾਤਾਰ ਗਾਲ੍ਹਾਂ ਕੱਢੀਆਂ ਜਾਂਦੀਆਂ ਹਨ l
ਜਿਸ ਕਰਕੇ ਮੈਂ ਇਹ ਕਦਮ ਚੁੱਕਿਆ ਹੈ। ਅਖੀਰ ਵਿਚ ਉਸ ਨੇ ਬਜ਼ੁਰਗ ਸੱਸ ਦੀ ਕੁੱਟਮਾਰ ਕਰਨ ਦੇ ਬਾਰੇ ਆਪਣੀ ਗਲਤੀ ਦਾ ਵੀ ਅਹਿਸਾਸ ਕੀਤਾ।ਵੀਡੀਓ ਵਾਇਰਲ ਕਰਨ ਵਾਲੇ ਨੌਜਵਾਨ ਬਲਜੀਤ ਸਿੰਘ ਦਾ ਕਹਿਣਾ ਸੀ ਕਿ ਮੇਰੀ ਦਾਦੀ ਦੀ ਕੁੱਟਮਾਰ ਕਰਨ ਵਾਲੀ ਮੇਰੀ ਚਾਚੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰ ਕੇ ਮੇਰੀ ਦਾਦੀ ਨੂੰ ਇਨਸਾਫ ਦਿਵਾਇਆ ਜਾਵੇ।
ਉੱਧਰ ਇਸ ਮਾਮਲੇ ਵਿੱਚ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਆਗੂ ਮਨੀਸ਼ਾ ਗੁਲਾਟੀ ਵਲੋਂ ਵੀ ਇਸ ਤੇ ਨੋਟਿਸ ਜਾਰੀ ਕਰਦੇ ਹੋਏ ਤਰਨਤਾਰਨ ਐੱਸਐੱਸਪੀ ਤੋਂ ਦੋ ਦਿਨ ਦੇ ਵਿੱਚ ਇਸ ਦਾ ਨੋਟਿਸ ਮੰਗਿਆ ਹੈ l