ਚੰਡੀਗੜ੍ਹ 26 ਮਈ (ਹਰਪਾਲ ਸਿੰਘ)
ਪੰਜਾਬ ਵਾਤਾਵਰਣ ਚੇਤਨਾ ਲਹਿਰ ਪੰਜਾਬ ਦੇ ਇੱਕ 15 ਮੈਂਬਰੀ ਵਫਦ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਜੀ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਤੋਂ ਵਾਤਾਵਰਣ ਨਾਲ ਸਬੰਧਤ ਮੁੱਦਿਆਂ ਤੇ ਚਰਚਾ ਕਰਨ ਲਈ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣ ਅਤੇ ਵੱਖ ਵੱਖ ਵਿਭਾਗਾਂ ਨਾਲ ਜੁੜੇ ਵਾਤਾਵਰਣ ਨਾਲ ਸਬੰਧਤ ਮੁੱਦਿਆਂ ਤੇ ਨਜਰਸਾਨੀ ਕਰਨ ਲਈ ਇੱਕ ਹਾਈ ਪਾਵਰ ਵਿਧਾਨ ਸਭਾ ਕਮੇਟੀ ਬਨਾਉਣ ਦੀ ਮੰਗ ਕੀਤੀ।
ਮੀਟਿੰਗ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਚੰਦਬਾਜਾ ਦੀ ਅਗਵਾਈ ਵਿੱਚ ਵਫਦ ਵੱਲੋਂ ਇਸ ਸਬੰਧੀ ਸਪੀਕਰ ਕੁਲਤਾਰ ਸਿੰਘ ਸੰਧਵਾਂ ਜੀ ਨੂੰ ਮੰਗ ਪੱਤਰ ਸੌਂਪਿਆ ਅਤੇ ਸਪੀਕਰ ਸਾਹਿਬ ਵੱਲੋਂ ਪੰਜਾਬ ਵਿਧਾਨ ਸਭਾ ਦੇ ਮੀਟਿੰਗ ਹਾਲ ਵਿੱਚ ਲਹਿਰ ਦੇ ਆਗੂਆਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਦਾ ਆਯੋਜਨ ਕੀਤਾ l ਜਿਸ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਆਦਰਸ਼ ਪਾਲ ਵਿੱਗ, ਐਡੀਸ਼ਨਲ ਚੀਫ ਸੈਕਟਰੀ ਫਾਰੈਸਟ ਰਾਜੀ ਸ਼੍ਰੀਵਾਸਤਵ, ਚੀਫ ਕੰਜਰਵੇਟਿਵ ਫਾਰੈਸਟ ਪ੍ਰਵੀਨ ਕੁਮਾਰ, ਸਿਹਤ ਡਾਇਰੈਕਟਰ ਡਾ ਜੀ. ਬੀ. ਸਿੰਘ ਤੋਂ ਇਲਾਵਾ ਹੋਰ ਵੀ ਕਈ ਸਬੰਧਤ ਵਿਭਾਗਾਂ ਦੇ ਮੁਖੀ ਸ਼ਾਮਲ ਸਨ।
ਇਸ ਮੌਕੇ ਵਫਦ ਨੇ ਧਰਤੀ ਹੇਠਲੇ ਪਾਣੀ ਦੇ ਘਟਣ ਅਤੇ ਰਾਜ ਦੇ ਭਵਿੱਖਤ ਮਾਰੂਥਲੀਕਰਨ ਬਾਰੇ, ਧਰਤੀ ਹੇਠਲੇ ਪਾਣੀ ਦੀ ਵਰਤੋਂ ਨੂੰ ਘਟਾਉਣ ਅਤੇ ਨਹਿਰੀ ਪਾਣੀ ਦੀ ਵਰਤੋਂ ਵਧਾਉਣ ਬਾਰੇ, ਧਰਤੀ ਹੇਠਲੇ ਪਾਣੀ ਦੇ ਸਰੋਤਾਂ ਨੂੰ ਢੁਕਵੇਂ ਤਰੀਕੇ ਨਾਲ ਰਿਚਾਰਜ ਕਰਨ, ਪੰਜਾਬ ਦੇ ਪ੍ਰਦੂਸ਼ਿਤ ਦਰਿਆਵਾਂ, ਪ੍ਰਦੂਸ਼ਿਤ ਪਾਣੀ ਪੀਣ ਵਾਲੇ ਲੋਕਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ, ਛੱਪੜਾਂ ਨੂੰ ਮੁੜ ਸੁਰਜੀਤ ਕਰਨ, ਪਿੰਡਾਂ ਦੇ ਵਰਤੇ ਹੋਏ ਪਾਣੀ ਨੂੰ ਸੋਧਣ ਲਈ ਆਧੁਨਿਕ, ਸਸਤੇ ਤੇ ਵਧੀਆ ਟਰੀਟਮੈਂਟ ਪਲਾਂਟ ਲਾਏ ਜਾਣ, ਪੰਜਾਬ ਵਿੱਚ ਖਤਮ ਹੋ ਚੁੱਕੇ ਜੰਗਲਾਂ ਦੇ ਰਕਬੇ ਦੀ ਪਹਿਚਾਣ ਕਰਕੇ ਮੁੜ ਜੰਗਲਾਤ ਹੇਠ ਲਿਆਉਣ ਬਾਰੇ, ਮੋਟਰਾਂ, ਖੇਤਾਂ, ਘਰਾਂ, ਕਲੋਨੀਆਂ ਅਤੇ ਪਿੰਡਾਂ ਸ਼ਹਿਰਾਂ ਦੀਆਂ ਸਾਂਝੀਆਂ ਥਾਵਾਂ ਤੇ ਰੁੱਖ ਲਾਏ ਜਾਣ ਅਤੇ ਉਨ੍ਹਾਂ ਨੂੰ ਬਚਾਉਣ ਬਾਰੇ, ਮਿੱਟੀ ਦੀ ਸਿਹਤ ਵਿੱਚ ਸੁਧਾਰ ਕਰਨ, ਖੇਤਾਂ ਅਤੇ ਭੋਜਨ ਵਿੱਚ ਰਸਾਇਣਾਂ ਘਟਾਉਣ ਬਾਰੇ, ਰਾਜ ਵਿੱਚ ਠੋਸ ਰਹਿੰਦ-ਖੂੰਹਦ ਪ੍ਰਬੰਧਨ l
ਪਲਾਸਟਿਕ ਰਹਿੰਦ-ਖੂੰਹਦ ਪ੍ਰਬੰਧਨ, ਨਿਰਮਾਣ ਅਤੇ ਢਾਹੁਣ ਵਾਲੇ ਰਹਿੰਦ-ਖੂੰਹਦ ਪ੍ਰਬੰਧਨ, ਪੰਜਾਬ ਦੀ ਉਦਯੋਗਿਕ ਅਤੇ ਖੇਤੀ ਨੀਤੀ ਦੇ ਵਾਤਾਵਰਨ ਨਾਲ ਸਬੰਧਤ ਪਹਿਲੂਆਂ ਬਾਰੇ, ਰਾਜ ਵਿੱਚ ਹਵਾ ਦੀ ਗੁਣਵੱਤਾ ਸੁਧਾਰਨ ਬਾਰੇ, ਆਵਾਜ਼ ਪ੍ਰਦੂਸ਼ਣ ਨੂੰ ਘਟਾਉਣ ਬਾਰੇ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਅਯੋਗਤਾ ਅਤੇ ਲੋੜੀਂਦੇ ਹੱਲ ਬਾਰੇ, ਖੇਤੀ ਅਤੇ ਹੋਰ ਸੈਕਟਰਾਂ ਵਿੱਚ ਦਿੱਤੀ ਜਾ ਰਹੀ ਸਬਸਿਡੀ ਨੂੰ ਵਾਤਾਵਰਣ ਨਾਲ ਸਬੰਧਤ ਸ਼ਰਤਾਂ ਨਾਲ ਜੋੜਨ ਬਾਰੇ ਵਿਧਾਨ ਸਭਾ ਵਿੱਚ ਚਰਚਾ ਕਰਕੇ ਨੀਤੀਆਂ ਦਾ ਨਿਰਮਾਣ ਕਰਨ ਅਤੇ ਉਨ੍ਹਾਂ ਨੀਤੀਆਂ ਨੂੰ ਸਰਕਾਰ ਦੀਆਂ ਭਵਿੱਖੀ ਯੋਜਨਾਵਾਂ ਵਿੱਚ ਲਾਗੂ ਕਰਨ ਦੀ ਮੰਗ ਕੀਤੀ।
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਫਦ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਪੰਜਾਬ ਵਿਧਾਨ ਸਭਾ ਵਿੱਚ ਵਾਤਾਵਰਣ ਨਾਲ ਸਬੰਧਤ ਸਾਰੇ ਮੁੱਦਿਆਂ ਤੇ ਬਹਿਸ ਕਰਵਾਈ ਜਾਵੇਗੀ ਅਤੇ ਹਾਈ ਪਾਵਰ ਵਿਧਾਨ ਸਭਾ ਕਮੇਟੀ ਬਨਾਉਣ ਤੇ ਵੀ ਵਿਚਾਰ ਕੀਤਾ ਜਾਵੇਗਾ। ਇਸ ਵਫਦ ਵਿੱਚ ਗਿਆਨੀ ਕੇਵਲ ਸਿੰਘ ਸਾਬਕਾ ਜੱਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ,ਕਾਹਨ ਸਿੰਘ ਪੰਨੂ ਸਾਬਕਾ ਆਈ ਏ ਐਸ, ਗੁਰਪ੍ਰੀਤ ਸਿੰਘ ਚੰਦਬਾਜਾ ਪ੍ਰਧਾਨ ਭਾਈ ਘਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ (ਰਜਿ.) ਫਰੀਦਕੋਟ,ਕਨਵੀਨਰ ਨਰੋਆ ਪੰਜਾਬ ਮੰਚ, ਮੈਂਬਰ ਪੰਜਾਬ ਵਾਤਵਰਨ ਚੇਤਨਾ ਲਹਿਰ, ਜਸਕੀਰਤ ਸਿੰਘ, ਮੈਂਬਰ ਪਬਲਿਕ ਐਕਸ਼ਨ ਕਮੇਟੀ ਸਤਲੁਜ ਅਤੇ ਮੱਤੇਵਾੜਾl
ਉਮੇਂਦਰ ਦੱਤ, ਖੇਤੀ ਵਿਰਾਸਤ ਮਿਸ਼ਨ, ਐਡਵੋਕੇਟ ਜਸਵਿੰਦਰ ਸਿੰਘ, ਅਕਾਲ ਪੁਰਖ ਕੀ ਫੌਜ, ਸੰਤ ਗੁਰਮੀਤ ਸਿੰਘ ਖੋਸਾ ਕੋਟਲਾ,ਡਾ ਗੁਰਚਰਨ ਸਿੰਘ ਨੂਰਪੁਰ ਕਾਲਮ ਨਵੀਸ ਤੇ ਸਾਹਿਤਕਾਰ, ਮਹਿੰਦਰ ਪਾਲ ਲੂੰਬਾ ਚੇਅਰਮੈਨ ਰੂਰਲ ਐਨ.ਜੀ.ਓ ਮੋਗਾ, ਗੁਰਬਿੰਦਰ ਸਿੰਘ ਬਾਜਵਾ ਯੰਗ ਪ੍ਰੋਗਰੈਸਿਵ ਫਾਰਮਰਜ਼ ਪ੍ਰੋਡਿਊਸਰਜ਼ ਆਰਗੇਨਾਈਜ਼ੇਸ਼ਨ ਗੁਰਦਾਸਪੁਰ, ਮਨਜੀਤ ਜੌੜਾ ਕੈਂਸਰ ਸਪੈਸ਼ਲਿਸਟ, ਸੁਖਵਿੰਦਰ ਸਿੰਘ ਬੱਬੂ ਕੋਟਕਪੂਰਾ ਵਾਤਾਵਰਨ ਪ੍ਰੇਮੀ, ਖੁਸ਼ਹਾਲ ਸਿੰਘ ਕੇਂਦਰੀ ਸਿੰਘ ਸਭਾ, ਮੁਖਤਿਆਰ ਸਿੰਘ ਮੈਂਬਰ ਭਾਈ ਘਨ੍ਹਈਆ ਜੀ ਸੇਵਾ ਸੁਸਾਇਟੀ ਸਨ੍ਹੇਰ ਸ਼ਾਮਲ ਸਨ।