ਜ਼ੀਕਰਪੁਰ (ਮੇਜਰ ਅਲੀ), 28 ਮਈ 2022
ਪਿੰਡ ਪੰਡਵਾਲਾ ਵਿਖੇ ਅੱਜ ਸਵੇਰੇ ਕਰੀਬ 8 ਵੱਜੇ ਇਕ ਕੱਚੇ ਘਰ ਦੀ ਛੱਤ ਡਿੱਗ ਪਈ। ਅਚਾਨਕ ਡਿੱਗੀ ਛੱਤ ਦੇ ਮਲਬੇ ਹੇਠਾਂ ਘਰ ਦਾ ਮਾਲਕ ਜਗਤਾਰ ਸਿੰਘ ਦੱਬ ਗਿਆ, ਜਿਸਨੂੰ ਪੁਲਿਸ ਅਤੇ ਲੋਕਾਂ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ।
ਹਾਸਲ ਜਾਣਕਾਰੀ ਮੁਤਾਬਕ ਜਗਤਾਰ ਸਿੰਘ ਆਟੋ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਪੇਟ ਭਰਦਾ ਹੈ। ਅੱਜ ਸਵੇਰੇ ਜਦੋ ਉਸਦੀ ਪਤਨੀ ਰਸੋਈ ਵਿੱਚ ਕੰਮ ਕਰ ਰਹੀ ਸੀ ਅਤੇ ਉਸਦੇ 3 ਛੋਟੇ ਛੋਟੇ ਬੱਚੇ ਸਕੂਲ ਚਲੇ ਗਏ ਸੀ। ਇਸ ਦੌਰਾਨ ਜਗਤਾਰ ਕੱਚੀ ਛੱਤ ਵਾਲੇ ਕਮਰੇ ਵਿਚ ਬੈਡ ਤੇ ਅਰਾਮ ਕਰ ਰਿਹਾ ਸੀ ,ਤਾਂ ਅਚਾਨਕ ਛੱਤ ਊਸ ਦੇ ਉਪਰ ਡਿਗ ਗਈ।
ਹਾਦਸੇ ਦੀ ਸੁਚਨਾ ਪਿੰਡ ਵਾਸੀਆਂ ਨੂੰ ਮਿਲਣ ਤੇ ਭਾਰੀ ਗਿਣਤੀ ਵਿੱਚ ਮੌਕੇ ਤੇ ਲੋਕ ਇਕੱਠੇ ਹੋ ਗਏ ਅਤੇ ਪੁਲਿਸ ਵੀ ਮੌਕੇ ਤੇ ਪਹੁੰਚ ਗਈ। ਲੋਕਾਂ ਨੇ ਪੁਲਿਸ ਦੀ ਮਦਦ ਨਾਲ ਜਗਤਾਰ ਨੂੰ ਮਲਬੇ ਵਿਚੋਂ ਬਾਹਰ ਕੱਢ ਕੇ ਡੇਰਾਬੱਸੀ ਦੇ ਹਸਪਤਾਲ ਪਹੁੰਚਾਇਆ।
ਲੋਕਾਂ ਨੇ ਦੱਸਿਆ ਕਿ ਗ਼ਨੀਮਤ ਰਹੀ ਕਿ ਜਗਤਾਰ ਦੇ ਬੱਚੇ ਹਾਦਸੇ ਤੋਂ ਕੁਝ ਦੇਰ ਪਹਿਲਾਂ ਸਕੂਲ ਚਲੇ ਗਏ ਸਨ ਅਤੇ ਉਸਦੀ ਪਤਨੀ ਰਸੋਈ ਵਿੱਚ ਸੀ, ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਪਰਿਵਾਰ ਨੇ ਰੋਸ਼ ਪ੍ਰਗਟ ਕਰਦਿਆਂ ਕਿਹਾ ਕਿ ਪਿਛਲੀ ਸਰਕਾਰ ਦੇ ਸਮੇ ਜਗਤਾਰ ਨੇ ਕੱਚੀ ਛੱਤ ਨੂੰ ਪੱਕਾ ਕਰਨ ਦੇ ਫਾਰਮ ਭਰੇ ਸ਼ਨ ਲੇਕਿਨ ਅੱਜ ਤੱਕ ਕੋਈ ਪੈਸਾ ਨਹੀਂ ਮਿਲਿਆ।