ਲੁਧਿਆਣਾ (ਸਕਾਈ ਨਿਊਜ਼ ਪੰਜਾਬ), 16 ਮਈ 2022
ਲੋਕਾਂ ਉੱਪਰ ਰੋਹਬ ਮਾਰਨ ਅਤੇ ਧੋਖਾਧੜੀ ਕਰਨ ਦੇ ਮਕਸਦ ਨਾਲ 22 ਵਰ੍ਹਿਆਂ ਦੇ ਇੱਕ ਨੌਜਵਾਨ ਨੇ ਖ਼ੁਦ ਨੂੰ ਆਈਏਐਸ ਅਧਿਕਾਰੀ ਦੱਸ ਕੇ ਥਾਣਾ ਦੁੱਗਰੀ ਦੀ ਪੁਲਿਸ ਕੋਲੋਂ ਗੰਨਮੈਨਾਂ ਦੀ ਮੰਗ ਕੀਤੀ ।
ਤਫਤੀਸ਼ ਤੋਂ ਬਾਅਦ ਪੁਲਿਸ ਨੇ ਪਾਇਆ ਕਿ ਨੌਜਵਾਨ ਸਰਾਸਰ ਝੂਠ ਬੋਲ ਰਿਹਾ ਹੈ । ਇਸ ਮਾਮਲੇ ਵਿਚ ਥਾਣਾ ਦੁੱਗਰੀ ਦੀ ਪੁਲਿਸ ਨੇ ਦੁੱਗਰੀ ਫੇਸ 1 ਨਹਿਰੀ ਕਲੋਨੀ ਦੇ ਰਹਿਣ ਵਾਲੇ ਮਿਥੁਨ ਕੈਂਥ ਦੇ ਖ਼ਿਲਾਫ਼ ਧੋਖਾਧੜੀ ਅਤੇ ਹੋਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਦੁੱਗਰੀ ਦੇ ਥਾਣੇਦਾਰ ਜਸਵਿੰਦਰ ਸਿੰਘ ਨੇ ਦਸਿਆ ਕਿ ਪੁਲਿਸ ਪਾਰਟੀ ਲੇਬਰ ਚੌਕ ਵਿੱਚ ਮੌਜੂਦ ਸੀ ਇਸੇ ਦੌਰਾਨ ਨੌਜਵਾਨ ਆਪਣੇ ਐਕਟਿਵਾ ਸਕੂਟਰ ਤੇ ਸਵਾਰ ਹੋ ਕੇ ਆਇਆ ਅਤੇ ਕਹਿਣ ਲੱਗਾ ਕਿ ਉਹ (ਯੂਪੀਅੈਸਸੀ ਸੀਐਸਈ 4(2019-2020) ਦਾ ਆਈਏਐਸ ਅਧਿਕਾਰੀ ਹੈ । ਉਸ ਨੇ ਆਖਿਆ ਕਿ ਗੁਰੂ ਨਾਨਕ ਸਟੇਡੀਅਮ ਵਿੱਚ ਚੱਲ ਰਹੇ ਕਰਾਟੇ ਕੰਪੀਟੀਸ਼ਨ ਦੇ ਦੌਰਾਨ ਉਸ ਨੂੰ ਮੁੱਖ ਮਹਿਮਾਨ ਦੇ ਤੌਰ ਤੇ ਸੱਦਾ ਪੱਤਰ ਦਿੱਤਾ ਗਿਆ ਹੈ l
ਜਿਸ ਕਰਕੇ ਉਸ ਨੂੰ ਪੁਲਿਸ ਕੋਲੋਂ ਗੰਨਮੈਨ ਚਾਹੀਦੇ ਹਨ । ਆਈਕਾਰਡ ਦੇ ਤੌਰ ਤੇ ਉਸ ਨੇ ਫਰਜ਼ੀ ਦਸਤਾਵੇਜ਼ ਦਿਖਾ ਦਿੱਤੇ । ਮੁਲਜ਼ਮ ਨੇ ਪੁਲਿਸ ਨੂੰ ਸਵਿਮਿੰਗ ਪੂਲ ਦੀ ਮੈਂਬਰਸ਼ਿਪ ਦਾ ਕਾਰਡ ਵੀ ਦਿਖਾਇਆ । ਜਾਣਕਾਰੀ ਦਿੰਦਿਆਂ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੇ ਪਬਲਿਕ ਵਿੱਚ ਆਪਣੀ ਪਛਾਣ ਆਈਐੱਸ ਦੀ ਬਣਾ ਕੇ ਲੋਕਾਂ ਨਾਲ ਧੋਖਾਧੜੀ ਕਰਨੀ ਸੀ । ਜਾਂਚ ਤੋਂ ਬਾਅਦ ਸਾਫ ਹੋਇਆ ਕਿ ਮੁਲਜ਼ਮ ਸਰਾਸਰ ਝੂਠ ਬੋਲ ਰਿਹਾ ਹੈ ।