ਭਿੱਖੀਵਿੰਡ (ਲਖਵਿੰਦਰ ਸਿੰਘ ਗੋਲਣ),18 ਜੂਨ 2022
ਭਾਵੇਂ ਕਿ ਪੰਜਾਬ ਪੁਲਸ ਆਮ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਦੇ ਲੱਖਾਂ ਹੀ ਦਾਅਵੇ ਕਰਦੀ ਹੈ ਪ੍ਰੰਤੂ ਇਨ੍ਹਾਂ ਦਾਅਵਿਆਂ ਦੀ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਬਿਆਨ ਕਰਦੀ ਹੈ ਜਿਸ ਦੀ ਤਾਜ਼ਾ ਮਿਸਾਲ ਜ਼ਿਲ੍ਹਾ ਤਰਨਤਾਰਨ ਦੇ ਥਾਣਾ ਖਾਲੜਾ ਤੋਂ ਸਾਹਮਣੇ ਆਉਂਦੀ ਹੈ l
ਜਿੱਥੇ ਬੀਤੇ ਕੁੱਝ ਦਿਨ ਪਹਿਲਾਂ ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਥੇਹਕੱਲਾਂ ਦੇ ਗੁਰਦੁਆਰਾ ਸਾਹਿਬ ਅੰਦਰੋਂ ਬਿਜਲੀ ਤਾਰਾਂ ਚੋਰੀ ਕਰਨ ਸੰਬੰਧੀ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਇਕ ਦਰਖਾਸਤ ਦਿੱਤੀ ਗਈ ਸੀ ਅਤੇ ਦਰਖਾਸਤ ਦੇਣ ਤੋਂ ਕੁੱਝ ਦਿਨ ਬਾਅਦ ਹੀ ਇੱਕ ਚੋਰ ਨੂੰ ਫੜ ਕੇ ਪੁਲਸ ਹਵਾਲੇ ਕੀਤਾ ਗਿਆ ਸੀ । ਪ੍ਰੰਤੂ ਪੁਲਸ ਹਵਾਲੇ ਕੀਤੇ ਉਕਤ ਚੋਰ ਪੁਲਸ ਹਿਰਾਸਤ ਚੋਂ ਫ਼ਰਾਰ ਹੋ ਗਿਆ ਹੈ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਥੇਹਕਲਾਂ ਦੇ ਸਰਪੰਚ ਗੁਰਜਿੰਦਰ ਸਿੰਘ ਅਤੇ ਗੁਰਦੁਆਰਾ ਸਾਹਿਬ ਕਮੇਟੀ ਪ੍ਰਧਾਨ ਗੁਰਵਰਿਆਮ ਸਿੰਘ ਨੇ ਦੱਸਿਆ ਕਿ ਬੀਤੇ ਅੱਠ ਦਿਨ ਪਹਿਲਾਂ ਪਿੰਡ ਦੇ ਗੁਰਦੁਆਰਾ ਦੇਹ ਸਾਹਿਬ ਵਿਖੇ ਕੁੱਝ ਚੋਰਾਂ ਵੱਲੋਂ ਬਿਜਲੀ ਦੀ ਤਾਰ ਚੋਰੀ ਕੀਤੀ ਗਈ ਸੀ ਜਿਸ ਦੀ ਕੀਮਤ ਕਰੀਬ 25 ਤੋਂ 30 ਹਜ਼ਾਰ ਰੁਪਏ ਬਣਦੀ ਹੈ ਅਤੇ ਇਸ ਘਟਨਾ ਸਬੰਧੀ ਉਨ੍ਹਾਂ ਥਾਣਾ ਖਾਲੜਾ ਵਿਖੇ ਦਰਖਾਸਤ ਵੀ ਦਿੱਤੀ ਹੈ ਜੋ ਕਿ ਥਾਣੇ ਦੇ ਰਜਿਸਟਰ ਵਿੱਚ 363 ਨੰਬਰ ਦਰਖਾਸਤ ਦਰਜ ਹੈ ।
ਪ੍ਰੰਤੂ ਇਸ ਮਾਮਲੇ ਤੇ ਥਾਣਾ ਖਾਲੜਾ ਦੀ ਪੁਲਸ ਨੇ ਢਿੱਲੀ ਕਾਰਗੁਜ਼ਾਰੀ ਦਿਖਾਉਂਦਿਆਂ ਕੋਈ ਵੀ ਠੋਸ ਕਾਰਵਾਈ ਨਹੀਂ ਕੀਤੀ । ਜਿਸ ਤੇ ਗੁਰਦੁਆਰਾ ਕਮੇਟੀ ਦੇ ਸਮੂਹ ਮੈਂਬਰਾਂ ਨੇ ਆਪਣੇ ਤੌਰ ਤੇ ਭਾਲ ਕਰਦਿਆਂ ਉਨ੍ਹਾਂ ਚੋਰਾਂ ਵਿਚੋਂ ਇਕ ਚੋਰ ਨੂੰ ਫੜ ਕੇ ਥਾਣਾ ਖਾਲੜਾ ਪੁਲਸ ਹਵਾਲੇ ਕੀਤਾ ਸੀ ।
ਸਰਪੰਚ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜਦ ਇਸ ਮਾਮਲੇ ਸਬੰਧੀ ਥਾਣੇ ਵਿਖੇ ਪਹੁੰਚ ਕਰਕੇ ਚੋਰ ਤੇ ਕਾਰਵਾਈ ਕਰਨ ਸਬੰਧੀ ਪੁਲਸ ਨੂੰ ਪੁੱਛਿਆ ਤਾਂ ਅੱਗੋਂ ਪੁਲਸ ਦਾ ਕਹਿਣਾ ਸੀ ਕਿ ਉਕਤ ਚੋਰ ਥਾਣੇ ਵਿੱਚੋ ਫ਼ਰਾਰ ਹੋ ਗਿਆ ਹੈ । ਸਰਪੰਚ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਖਾਲੜਾ ਦੇ ਐੱਸ.ਐੱਚ.ਓ ਨਰਿੰਦਰ ਸਿੰਘ ਢੋਟੀ ਦੀ ਰੋਟੀ ਪਕਾਉਣ ਵਾਲੀ ਔਰਤ ਦਾ ਲੜਕਾ ਵੀ ਇਸ ਚੋਰੀ ਵਿੱਚ ਸ਼ਾਮਲ ਹੈ ਜਿਸ ਕਰਕੇ ਪੁਲਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ।
ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਵਰਿਆਮ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਰਾਮ ਸਿੰਘ ਦਾ ਕਹਿਣਾ ਸੀ ਕਿ ਜੇਕਰ ਮੁਜਰਿਮ ਹੀ ਪੁਲਸ ਹਿਰਾਸਤ ਵਿੱਚੋਂ ਫ਼ਰਾਰ ਹੋ ਗਿਆ ਹੈ ਤਾਂ ਪੁਲਸ ਆਮ ਜਨਤਾ ਦੀ ਜਾਨ ਮਾਲ ਦੀ ਕੀ ਰੱਖਿਆ ਕਰੇਗੀ ।
ਉਨ੍ਹਾਂ ਡੀ.ਜੀ.ਪੀ ਪੰਜਾਬ, ਜ਼ਿਲਾ ਤਰਨਤਾਰਨ ਦੇ ਡੀ.ਸੀ ਮੋਨੀਸ਼ ਕੁਮਾਰ ਅਤੇ ਜ਼ਿਲ੍ਹਾ ਪੁਲਸ ਮੁਖੀ ਰਣਜੀਤ ਸਿੰਘ ਢਿੱਲੋਂ ਪਾਸੋਂ ਮੰਗ ਕੀਤੀ ਕਿ ਗੁਰਦੁਆਰਾ ਸਾਹਿਬ ਅੰਦਰ ਬਿਜਲੀ ਵਾਲੀ ਤਾਰ ਚੋਰੀ ਕਰਨ ਵਾਲੇ ਉਕਤ ਚੋਰਾਂ ਨੂੰ ਜਲਦ ਤੋਂ ਜਲਦ ਗਿਰਫ਼ਤਾਰ ਕੀਤਾ ਜਾਵੇ ਅਤੇ ਇਸ ਮਾਮਲੇ ਵਿੱਚ ਢਿੱਲੀ ਕਾਰਗੁਜ਼ਾਰੀ ਵਰਤਣ ਵਾਲੇ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ । ਉੱਥੇ ਹੀ ਜਦ ਇਸ ਮਾਮਲੇ ਸੰਬੰਧੀ ਥਾਣਾ ਖਾਲੜਾ ਦੇ ਐੱਸ.ਐੱਚ.ਓ ਨਰਿੰਦਰ ਸਿੰਘ ਢੋਟੀ ਦਾ ਪੱਖ ਜਾਨਣਾ ਚਾਹਿਆ ਤਾਂ ਐੱਸ.ਐੱਚ.ਓ ਨੇ ਪੱਖ ਦੇਣ ਤੋਂ ਇਨਕਾਰ ਕਰ ਦਿੱਤਾ ।
ਜ਼ਿਕਰਯੋਗ ਹੈ ਕਿ ਸਾਲ 2021 ਵਿੱਚ ਥਾਣਾ ਖਾਲੜਾ ਦੇ ਨਜ਼ਦੀਕ ਪੈਂਦੇ ਗੁਰਦੁਆਰਾ ਸਾਹਿਬ ਵਿਖੇ ਵੀ ਕੁਝ ਚੋਰਾਂ ਵੱਲੋਂ ਚੋਰੀ ਕਰਨ ਲਈ ਗੁਰਦੁਆਰਾ ਸਾਹਿਬ ਅੰਦਰ ਦਾਖ਼ਲ ਹੋ ਕੇ ਗੁਟਕਾ ਸਾਹਿਬ ਦੀ ਅਲਮਾਰੀ ਉੱਪਰ ਪੈਰ ਰੱਖ ਕੇ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ । ਜਿਸ ਤੇ ਪੁਲਸ ਵੱਲੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਤਾਂ ਦਰਜ ਕਰ ਲਿਆ ਗਿਆ ਸੀ। ਪ੍ਰੰਤੂ ਉਕਤ ਦੋਸ਼ੀਆਂ ਨੂੰ ਅਜੇ ਤੱਕ ਪੁਲਸ ਨੇ ਗ੍ਰਿਫਤਾਰ ਨਹੀਂ ਕੀਤਾ ਹੈ । ਹੁਣ ਦੇਖਣਾ ਇਹ ਹੋਵੇਗਾ ਕਿ ਪੁਲਸ ਦੇ ਉੱਚ ਅਧਿਕਾਰੀ ਇਸ ਮਾਮਲੇ ਸਬੰਧੀ ਕੀ ਠੋਸ ਕਾਰਵਾਈ ਕਰਦੇ ਹਨ ।