ਜ਼ੀਕਰਪੁਰ( ਮੇਜਰ ਅਲੀ), 7 ਮਈ 2022
ਜ਼ੀਰਕਪੁਰ-ਪਟਿਆਲਾ ਮਾਰਗ ‘ਤੇ ਸਥਿਤ ਇਤਿਹਾਸਕ ਗੁਰਦੁਆਰਾ ਨਾਭਾ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ (53) ਦੀ ਬੀਤੀ ਰਾਤ ਭੇਤਭਰੀ ਹਾਲਤ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਏ ਹਨ।
ਜਿਸ ਸਬੰਧੀ ਸਥਾਨਕ ਪੁਲਸ ਵੱਲੋਂ ਅਵਤਾਰ ਸਿੰਘ ਨਗਲਾ, ਸੁਖਵਿੰਦਰਪਾਲ ਸਿੰਘ ਪਟਵਾਰੀ ਅਤੇ ਰਵਿੰਦਰਪਾਲ ਨਿਵਾਸੀ ਮਾਨਸਾ ਖਿਲਾਫ ਮਾਮਲਾ ਦਰਜ ਕਰਕੇ ਇਨ੍ਹਾਂ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਹ ਗੁਰਦੁਆਰਾ ਨਾਭਾ ਸਾਹਿਬ ਵਿਖੇ ਬਤੌਰ ਸਟੋਰ ਕੀਪਰ ਸੇਵਾ ਕਰ ਰਿਹਾ ਹੈ l
ਉਸ ਨੇ ਆਰੋਪ ਲਗਾਇਆ ਕਿ ਉੱਕਤ ਤਿੰਨੋਂ ਵਿਅਕਤੀ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਗੁਰਦੁਆਰੇ ਦੀ ਸਰਾਂ ਵਿੱਚ ਠਹਿਰੇ ਹੋਏ ਸਨ ਅਤੇ ਹਲਕੇ ਦੇ ਲੋਕਾਂ ਨੂੰ ਸਰਾਂ ਦੇ ਕਮਰੇ ਨੂੰ ਆਪਣਾ ਦਫਤਰ ਦੱਸ ਕੇ ਲੋਕਾਂ ਨਾਲ ਇੱਥੇ ਗੁਪਤ ਮੀਟਿੰਗਾਂ ਕਰਦੇ ਸਨ।
ਜਦੋਂ ਕਿ ਗੁਰਦੁਆਰੇ ਦੀ ਸਰਾਂ ਅਸੂਲਾਂ ਅਨੁਸਾਰ ਦੋ ਦਿਨ ਤੋਂ ਵੱਧ ਲਈ ਠਹਿਰਨ ਕਿਸੇ ਨੂੰ ਨਹੀਂ ਦਿੱਤੀ ਜਾ ਸਕਦੀ ਹੈ। ਪਰ ਉਕਤ ਵਿਅਕਤੀ ਧੱਕੇਸ਼ਾਹੀ ਨਾਲ ਗੁਰਦੁਆਰਾ ਸਾਹਿਬ ਦੇ ਕਮਰੇ ਉੱਪਰ ਕਬਜ਼ਾ ਕਰ ਕੇ ਰਹਿਣਾ ਚਾਹੁੰਦੇ ਸਨ ਜਿਸ ਸਬੰਧੀ ਮੈਨੇਜਰ ਸਾਹਿਬ ਵੱਲੋਂ ਇਨ੍ਹਾਂ ਕੋਲੋਂ ਜਬਰੀ ਕਮਰਾ ਖਾਲੀ ਕਰਵਾਇਆ ਗਿਆ।
ਜਿਸ ਕਾਰਨ ਇਨ੍ਹਾਂ ਵਿਅਕਤੀਆਂ ਵੱਲੋਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ ਅਤੇ ਹੋਰ ਸਟਾਫ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਿਖੇ ਸ਼ਿਕਾਇਤ ਵੀ ਕੀਤੀ ਗਈ l ਜਿਸ ਦੀ ਤਫਤੀਸ਼ ਕਰਨ ਲਈ ਐੱਸ. ਜੀ. ਪੀ. ਸੀ. ਦੇ ਅਧਿਕਾਰੀ ਵੀ ਮੌਕੇ ਤੇ ਮੌਜੂਦ ਸਾਂਝੀ ਸਮੇਂ ਉਕਤ ਵਿਅਕਤੀਆਂ ਨੇ ਮੈਨੇਜਰ ਰਣਜੀਤ ਸਿੰਘ ਨਾਲ ਧੱਕਾਮੁੱਕੀ ਕੀਤੀ।
ਉਨ੍ਹਾਂ ਦੱਸਿਆ ਕਿ ਧੱਕਾ ਮੁੱਕੀ ਦੌਰਾਨ ਮੈਨੇਜਰ ਰਣਜੀਤ ਸਿੰਘ ਜੀ ਚੱਕਰ ਖਾ ਕੇ ਜ਼ਮੀਨ ਉਪਰ ਗਿਰ ਗਏ ਜਿਸ ਦੇ ਤੁਰੰਤ ਬਾਅਦ ਹੀ ਉਕਤ ਤਿੰਨੋਂ ਵਿਅਕਤੀ ਆਪਣੀ ਕਾਰ ਵਿੱਚ ਸਵਾਰ ਹੋ ਕੇ ਮੌਕੇ ਤੋਂ ਫ਼ਰਾਰ ਹੋ ਗਏ। ਮੈਨੇਜਰ ਰਣਜੀਤ ਸਿੰਘ ਨੂੰ ਵੀ ਆਈ ਪੀ ਰੋਡ ‘ਤੇ ਸਥਿਤ ਐਮਕੇਅਰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ l
ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਸਥਾਨਕ ਪੁਲੀਸ ਨੇ ਸ਼ਿਕਾਇਤ ਦੇ ਆਧਾਰ ‘ਤੇ ਅਵਤਾਰ ਸਿੰਘ ਵਾਸੀ ਪਿੰਡ ਨਗਲਾ ਜ਼ੀਰਕਪੁਰ, ਸੁਖਵਿੰਦਰਪਾਲ ਸਿੰਘ ਪਟਵਾਰੀ ਅਤੇ ਉਸਦੇ ਪੁੱਤਰ ਰਵਿੰਦਰਪਾਲ ਸਿੰਘ ਵਾਸੀ ਮਾਨਸਾ ਖਿਲਾਫ਼ ਅਧੀਨ ਧਾਰਾ 304, 447, 506, 295 ਏ ਅਤੇ 34 ਅਧੀਨ ਦਰਜ ਕੀਤਾ ਗਿਆ l
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਜ਼ੀਰਕਪੁਰ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਉਕਤ ਤਿੰਨਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਮੈਨੇਜਰ ਰਣਜੀਤ ਸਿੰਘ ਦੀ ਮੌਤ ਦੇ ਸਮਾਚਾਰ ਮਿਲਣ ਉਪਰੰਤ ਸਾਬਕਾ ਵਿਧਾਇਕ ਐਨ ਕੇ ਸ਼ਰਮਾ ਮੌਕੇ ਤੇ ਹਸਪਤਾਲ ਪਹੁੰਚੇ ਅਤੇ ਪੀੜਤ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨਿਰਮੈਲ ਸਿੰਘ ਜੌਲਾ ਵੀ ਮੌਕੇ ਤੇ ਪਹੁੰਚੇ।