ਢੁੱਡੀਕੇ, 28 ਮਈ (ਹਰਪਾਲ ਸਿੰਘ)
ਦੇਸ਼ ਦੇ 75ਵੇਂ ਅਜ਼ਾਦੀ ਦਾ ਅੰਮ੍ਰਿਤ ਮਹੋਤਸਵ ਸਬੰਧੀ ਪਿੰਡ ਢੁੱਡੀਕੇ ਵਿਖੇ ਦੋ ਰੋਜ਼ਾ ਵਰਲਡ ਰਿਕਾਰਡ ਪੇਂਟਿੰਗ ਗਤੀਵਿਧੀ ਸ਼ੁਰੂ ਕੀਤੀ ਗਈ ਹੈ। ਇਸ ਗਤੀਵਿਧੀ ਵਿੱਚ ਦੇਸ਼ ਦੇ ਵੱਖ ਵੱਖ ਰਾਜਾਂ ਤੋਂ 35 ਤੋਂ ਵਧੇਰੇ ਕਲਾਕਾਰ ਭਾਗ ਲੈ ਰਹੇ ਹਨ। ਇਸ ਨੂੰ ਇੰਡੀਅਨ ਕ੍ਰੀਏਟਵ ਯੂਨਿਟੀ ਸੰਸਥਾ ਵੱਲੋਂ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੁਖੀ ਸ੍ਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਵੱਖ ਵੱਖ ਰਾਜਾਂ ਵਿਸ਼ੇਸ਼ ਤੌਰ ਉੱਤੇ ਬੁਲਾਏ ਗਏ ਬੱਚੇ ਉੱਡਣਾ ਸਿੱਖ ਮਿਲਖਾ ਸਿੰਘ ਬਾਰੇ ਪੇਂਟਿੰਗ ਬਣਾ ਰਹੇ ਹਨ। ਇਹ ਵਰਲਡ ਦੀ ਸਭ ਤੋਂ ਵੱਡੀ ਪੇਂਟਿੰਗ ਹੋਵੇਗੀ। ਇਹ ਐਕਟੀਵਿਟੀ ਵਰਲਡ ਰਿਕਾਰਡ ਵਿੱਚ ਸ਼ਾਮਿਲ ਕੀਤੀ ਜਾਣੀ ਹੈ। ਇਸ ਕਲਾਕ੍ਰਿਤੀ ਦੀ ਲੰਬਾਈ 960 ਮੀਟਰ ਅਤੇ ਚੌੜਾਈ 5 ਮੀਟਰ ਹੋਵੇਗੀ। ਵਰਲਡ ਰਿਕਾਰਡ ਦਰਜ ਕਰਨ ਵਾਲੀ ਸੰਸਥਾ ਦੇ ਨੁਮਾਇੰਦੇ ਇਸ ਗਤੀਵਿਧੀ ਉੱਤੇ ਨਜ਼ਰ ਰੱਖ ਰਹੇ ਹਨ। ਭਾਗ ਲੈਣ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਵੰਡੇ ਜਾਣਗੇ।
ਉਹਨਾਂ ਕਿਹਾ ਕਿ ਸਾਡੇ ਦੇਸ਼ ਦੇ 75 ਵੇਂ ਅਜ਼ਾਦੀ ਦਿਹਾੜੇ ਦੇ ਮੌਕੇ ਉੱਤੇ ਉਹਨਾਂ ਦੀ ਸੰਸਥਾ ਇਹਨਾਂ ਸਾਰੇ ਲੋਕਾਂ ਦੇ ਜੀਵਨ ਨੂੰ ਉਭਾਰਨਾ ਚਾਹੁੰਦੀ ਹੈ ਜਿਸਨੇ ਦੇਸ਼ ਦਾ ਨਾਮ ਚਮਕਾਉਣ ਵਿੱਚ ਆਪਣਾ ਯੋਗਦਾਨ ਪਾਇਆ ਹੈ। ਉਹਨਾਂ ਕਿਹਾ ਕਿ ਉਹ ਅਗਲੇ ਸਮੇਂ ਦੌਰਾਨ ਹਾਕੀ ਜਾਦੂਗਰ ਧਿਆਨ ਚੰਦ ਬਾਰੇ ਵੀ ਅਜਿਹੀ ਹੀ ਕਲਾਕ੍ਰਿਤੀ ਤਿਆਰ ਕਰਨਗੇ। ਇਸ ਤੋਂ ਇਲਾਵਾ ਵਾਤਾਵਰਨ ਨੂੰ ਬਚਾਉਣ ਲਈ ਸੁਨੇਹਾ ਦੇਣਾ ਵੀ ਉਹਨਾਂ ਦਾ ਨਿਸ਼ਾਨਾ ਹੈ।
ਵੱਖ ਵੱਖ ਰਾਜਾਂ ਤੋਂ ਆਏ ਬੱਚਿਆਂ ਨੇ ਅਮਰ ਸ਼ਹੀਦ ਲਾਲਾ ਲਾਜਪਤ ਰਾਏ ਜੀ ਦੇ ਜਨਮ ਸਥਾਨ ਉੱਤੇ ਆ ਕੇ ਨਤਮਸਤਕ ਹੋਣ ਉੱਤੇ ਖੁਸ਼ੀ ਜ਼ਾਹਿਰ ਕੀਤੀ। ਇਸ ਮੌਕੇ ਪਿੰਡ ਦੇ ਮੋਹਤਬਰ ਸ੍ਰ ਧੰਨਾ ਸਿੰਘ, ਸ੍ਰ ਜਗਜੀਵਨ ਸਿੰਘ ਅਤੇ ਹੋਰ ਵੀ ਹਾਜ਼ਰ ਸਨ।