ਮਾਨਸਾ (ਭੀਸ਼ਮ ਗੋਇਲ), 16 ਅਪੈ੍ਰਲ 2022
ਮਾਨਸਾ ਸ਼ਹਿਰ ਵਿੱਚੋਂ ਲੰਘਦੇ ਮੂਸਾ ਰਜਬਾਹੇ ਦਾ ਪਾਣੀ ਸ਼ਹਿਰ ਵਾਸੀਆਂ ਅਤੇ ਪੇਡੂ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਵੱਲੋਂ ਪੀਣ ਦੇ ਨਾਲ-ਨਾਲ ਖੇਤੀਬਾੜੀ ਲਈ ਵਰਤਿਆ ਜਾਂਦਾ ਹੈ। ਹੁਣ ਇਸ ਰਜਬਾਹੇ ਵਿੱਚ ਆ ਰਹੇ ਗੰਦੇ ਪਾਣੀ ਕਾਰਨ ਸ਼ਹਿਰ ਅਤੇ ਪੇਂਡੂ ਇਲਾਕਿਆਂ ਦੇ ਲੋਕਾਂ ਨੂੰ ਜਿੱਥੇ ਪੀਣ ਲਈ ਪਾਣੀ ਦੀ ਕਿੱਲਤ ਪੈਦਾ ਹੋ ਗਈ ਹੈ l
ਉੱਥੇ ਹੀ ਗੰਦੇ ਪਾਣੀ ਕਾਰਨ ਲੋਕਾਂ ਦੇ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ। ਲੋਕ ਜਿੱਥੇ ਰਜਬਾਹੇ ਵਿੱਚ ਗੰਦਾ ਪਾਣੀ ਪੈਣ ਤੋਂ ਰੋਕਣ ਦੀ ਮੰਗ ਕਰ ਰਹੇ ਹਨ, ਉੱਥੇ ਸੀਵਰੇਜ ਬੋਰਡ ਨੇ ਪਾਣੀ ਦੇ ਸੈਂਪਲ ਭਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਸ਼ਹਿਰ ਵਿੱਚੋਂ ਲੰਘਦੇ ਰਜਬਾਹੇ ਵਿੱਚ ਗੰਦਾ ਪਾਣੀ ਆ ਰਿਹਾ ਹੈ, ਜੋ ਕਿ ਕਿਸੇ ਫੈਕਟਰੀ ਦਾ ਗੰਦਾ ਪਾਣੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਰਜਬਾਹੇ ਦਾ ਪਾਣੀ ਮਾਨਸਾ ਸ਼ਹਿਰ ਅਤੇ ਕਈ ਪਿੰਡਾਂ ਵਿੱਚ ਪੀਣ ਲਈ ਵਰਤਿਆ ਜਾਂਦਾ ਹੈ ਅਤੇ ਹੁਣ ਇਸ ਰਜਬਾਹੇ ਵਿੱਚ ਗੰਦਾ ਪਾਣੀ ਆਉਣ ਨਾਲ ਕਈ ਗੰਭੀਰ ਬਿਮਾਰੀਆਂ ਫੈਲਣ ਦਾ ਖਤਰਾ ਪੈਦਾ ਹੋ ਸਕਦਾ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਘਟਨਾ ਦਾ ਪਤਾ ਕਰਕੇ ਗੰਦਾ ਪਾਣੀ ਰਜਬਾਹੇ ਵਿੱਚ ਪੈਣ ਤੋਂ ਰੋਕਿਆ ਜਾਵੇ।
ਰਜਬਾਹੇ ਵਿੱਚ ਗੰਦਾ ਪਾਣੀ ਮਿਲਣ ਦੀ ਗੰਭੀਰ ਸਮੱਸਿਆ ਤੇ ਸੀਵਰੇਜ ਬੋਰਡ ਦੇ ਐਕਸੀਅਨ ਸਤਿੰਦਰ ਸਿੰਘ ਨੇ ਕਿਹਾ ਕਿ ਅੱਜ ਸਵੇਰੇ ਇਸ ਮਾਮਲੇ ਦੀ ਜਾਣਕਾਰੀ ਮਿਲਣ ਤੇ ਅਸੀਂ ਪਾਣੀ ਦੇ ਸੈਂਪਲ ਭਰ ਕੇ ਜਾਂਚ ਲਈ ਭੇਜ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਰਜਬਾਹੇ ਦੇ ਨਾਲ ਲੱਗਦੇ ਇਲਾਕਿਆਂ ਦਾ ਸਰਵੇ ਕੀਤਾ ਜਾ ਰਿਹਾ ਹੈ ਅਤੇ ਹੁਣ ਤੱਕ ਇਹ ਸਾਹਮਣੇ ਆਇਆ ਹੈ ਕਿ ਮਾਨਸਾ ਸ਼ਹਿਰ ਦੀ ਹੱਦ ਅੰਦਰ ਕਿਤੇ ਵੀ ਗੰਦਾ ਪਾਣੀ ਨਹੀਂ ਪੈ ਰਿਹਾ। ਉਨ੍ਹਾਂ ਕਿਹਾ ਕਿ ਹੋ ਸਕਦੈ ਭੀਖੀ ਇਲਾਕੇ ਵਿੱਚ ਕਿਸੇ ਫੈਕਟਰੀ ਦਾ ਗੰਦਾ ਪਾਣੀ ਇਸ ਰਜਬਾਹੇ ਵਿੱਚ ਮਿਲਦਾ ਹੋਵੇ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।