ਤਰਨਤਾਰਨ ( ਰਿੰਪਲ ਗੋਲ੍ਹਣ), 6 ਮਈ 2022
ਦੇਸ਼ ਅੰਦਰ ਦਿਨੋਂ ਦਿਨ ਵਧ ਰਹੀ ਬੇਰੁਜ਼ਗਾਰੀ ਕਾਰਨ ਆਪਣੇ ਘਰ ਤੋਂ ਬਾਹਰ ਦੂਜੇ ਸੂਬੇ ਵਿੱਚ ਰੋਜ਼ੀ ਰੋਟੀ ਕਮਾਉਣ ਖਾਤਿਰ ਗਏ ਜ਼ਿਲਾ ਤਰਨਤਾਰਨ ਦੇ ਪਿੰਡ ਕਲਸੀਆਂ ਕਲਾਂ ਦੇ ਇਕੱਤੀ ਸਾਲਾ ਨੌਜਵਾਨ ਦੀ ਇੱਕ ਪ੍ਰਾਈਵੇਟ ਫੈਕਟਰੀ ਅੰਦਰ ਕੈਮੀਕਲ ਵਾਲਾ ਸਿਲੰਡਰ ਫਟ ਜਾਣ ਕਾਰਨ ਦਰਦਨਾਕ ਮੌਤ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ l
ਦਸ ਦਈਏ ਕਿ ਮ੍ਰਿਤਕ ਨੌਜਵਾਨ ਜਸਕਰਨ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਕਲਸੀਆਂ ਕਲਾਂ ਦੀ ਮ੍ਰਿਤਕ ਦੇਹ ਅੱਜ ਉਨ੍ਹਾਂ ਦੇ ਜੱਦੀ ਪਿੰਡ ਕਲਸੀਆਂ ਕਲਾਂ ਵਿਖੇ ਪੁੱਜਣ ਪਰਿਵਾਰ ਅਤੇ ਪਿੰਡ ਅੰਦਰ ਸੋਗ ਦੀ ਲਹਿਰ ਪਾਈ ਜਾ ਰਹੀ ਹੈ ।
ਇਸ ਸਬੰਧੀ ਮ੍ਰਿਤਕ ਨੌਜਵਾਨ ਜਸਕਰਨ ਸਿੰਘ ਦੀ ਦੇਹ ਨੂੰ ਗੋਆ ਤੋਂ ਲੈ ਕੇ ਪੁੱਜੇ ਪਿੰਡ ਦੇ ਹੀ ਨੌਜਵਾਨ ਜਸਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਇਕੱਠੇ ਹੀ ਗੋਆ ਦੇ ਸ਼ਹਿਰ ਮੁੜਗਾਓਂ ਦਾ ਇੱਕ ਕਸਬਾ ਬਿਰਲਾ ਦੇ ਜੁਆਰੀ ਨਗਰ ਵਿਚ ਬਣੀ ਇਕ ਪ੍ਰਾਈਵੇਟ ਫੈਕਟਰੀ ਜਬਾਰੀ ਐਗਰੋ ਕੈਮੀਕਲ ਲਿਮਟਿਡ ਵਿੱਚ ਕੰਮ ਕਰਦੇ ਸਨ ਅਤੇ ਉਨ੍ਹਾਂ ਨਾਲ ਹੋਰ ਵੱਖ ਵੱਖ ਸੂਬਿਆਂ ਦੇ ਨੌਜਵਾਨ ਵੀ ਕੰਮ ਕਰ ਰਹੇ ਸਨ ਜਸਪ੍ਰੀਤ ਨੇ ਦੱਸਿਆ ਬੀਤੇ 8 ਮਹੀਨੇ ਪਹਿਲਾਂ ਕੰਪਨੀ ਬੰਦ ਹੋ ਗਈ ਸੀ l
ਪ੍ਰੰਤੂ ਦੁਬਾਰਾ ਫਿਰ ਚਾਲੂ ਹੋਣ ਤੇ ਕੰਪਨੀ ਦੇ ਸੁਪਰਵਾਈਜ਼ਰ ਵੱਲੋਂ ਜਸਕਰਨ ਸਿੰਘ ਨੂੰ ਕੈਮੀਕਲ ਟੈਂਕਰ ਦੀ ਰਿਪੇਅਰ ਕਰਨ ਨੂੰ ਕਿਹਾ ਸੀ l ਜਿਸ ਵਿੱਚ ਜਸਕਰਨ ਸਿੰਘ ਦੇ ਨਾਲ ਬਿਹਾਰ ਤੋਂ ਮਿਥਣ ਜੈਨ ਅਤੇ ਬੰਗਾਲ ਤੋਂ ਇੰਦਰਜੀਤ ਗੋਸ਼ ਕੰਮ ਕਰ ਰਹੇ ਸਨ l ਉਨ੍ਹਾਂ ਕਿਹਾ ਕਿ ਕੈਮੀਕਲ ਟੈਂਕਰ ਦੇ ਨਟ ਬੋਲਟ ਜੰਗਾਲੇ ਹੋਣ ਕਾਰਨ ਜਸਕਰਨ ਸਿੰਘ ਅਤੇ ਉਸਦੇ ਸਾਥੀਆਂ ਵੱਲੋਂ ਗੈਸ ਵੈਲਡਿੰਗ ਨਾਲ ਜਦ ਕੈਮੀਕਲ ਟੈਂਕਰ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਕੈਮੀਕਲ ਟੈਂਕਰ ਬਲਾਸਟ ਹੋ ਗਿਆ l
ਜਿਸ ਵਿੱਚ ਬਿਹਾਰ ਦੇ ਮਿਥੁਨ ਜੈਨ ਅਤੇ ਬੰਗਾਲ ਦੇ ਇੰਦਰਜੀਤ ਘੋਸ਼ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਜਸਕਰਨ ਸਿੰਘ ਐਂਬੂਲੈਂਸ ਵਿਚ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਦਮ ਤੋੜ ਗਿਆ । ਉੱਥੇ ਹੀ ਇਸ ਮੌਕੇ ਜਸਕਰਨ ਸਿੰਘ ਦੀਆਂ ਭੈਣਾਂ ਹਰਜਿੰਦਰ ਕੌਰ ਅਤੇ ਬਲਵਿੰਦਰ ਕੌਰ ਨੇ ਦੱਸਿਆ ਕਿ ਉਹ ਚਾਰ ਭੈਣ ਭਰਾ ਹਨ l
ਜਿਨ੍ਹਾਂ ਵਿੱਚੋਂ ਜਸਕਰਨ ਸਿੰਘ ਸਭ ਤੋਂ ਛੋਟਾ ਸੀ ਅਤੇ ਅਜੇ ਕੁਆਰਾ ਸੀ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਭਰਾ ਬੇਰੁਜ਼ਗਾਰ ਹੋਣ ਕਾਰਨ ਰੋਜ਼ੀ ਰੋਟੀ ਕਮਾਉਣ ਲਈ ਦੂਜੇ ਸੂਬੇ ਵਿੱਚ ਕੰਮ ਕਰਨ ਗਿਆ ਸੀ l ਜਿਥੇ ਉਸਦੀ ਮੌਤ ਹੋ ਜਾਣ ਕਾਰਨ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ l ਇਸ ਮੌਕੇ ਮ੍ਰਿਤਕ ਦੇ ਵੱਡੇ ਭਰਾ ਸੁਖਚੈਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਦਾ ਸਾਇਆ ਵੀ ਸਿਰ ਤੇ ਨਹੀਂ ਹੈ ਅਤੇ ਭੈਣਾਂ ਵਿਆਹੀਆਂ ਹੋਈਆਂ ਹਨ l
ਜਿਸ ਕਾਰਨ ਘਰ ਵਿੱਚੋਂ ਤਿੰਨ ਪਿਉ ਪੁੱਤ ਹੀ ਸਨ ਪਰੰਤੂ ਜਸਕਰਨ ਸਿੰਘ ਦੀ ਇਸ ਤਰ੍ਹਾਂ ਮੌਤ ਹੋ ਜਾਣ ਨਾਲ ਉਨ੍ਹਾਂ ਦਾ ਘਰ ਬਰਬਾਦ ਹੋ ਗਿਆ ਹੈ l ਸੁਖਚੈਨ ਨੇ ਦੱਸਿਆ ਕਿ ਉਹ ਘਰੋਂ ਗ਼ਰੀਬ ਹਨ ਅਤੇ ਉਨ੍ਹਾਂ ਦੀ ਰੋਜ਼ੀ ਰੋਟੀ ਦਾ ਗੁਜ਼ਾਰਾ ਵੀ ਬੜੀ ਮੁਸ਼ਕਿਲ ਨਾਲ ਹੁੰਦਾ ਹੈ l ਉਨ੍ਹਾਂ ਪੰਜਾਬ ਸਰਕਾਰ ਅਤੇ ਜਬਰੀ ਐਗਰੋ ਕੈਮੀਕਲ ਲਿਮਟਿਡ ਫੈਕਟਰੀ ਦੇ ਮਾਲਕ ਪਾਸੋਂ ਮੰਗ ਕੀਤੀ ਕਿ ਉਨ੍ਹਾਂ ਦੇ ਪਰਿਵਾਰ ਦੀ ਵਿੱਤੀ ਅਤੇ ਮਾਲੀ ਸਹਾਇਤਾ ਕੀਤੀ ਜਾਵੇ ਤਾਂ ਕਿ ਜਸਕਰਨ ਸਿੰਘ ਦਾ ਬਾਕੀ ਪਰਿਵਾਰ ਆਪਣਾ ਗੁਜ਼ਰ ਗੁਜ਼ਾਰਾ ਕਰ ਸਕੇ । ਜ਼ਿਕਰਯੋਗ ਹੈ ਕਿ ਜਸਕਰਨ ਸਿੰਘ ਮ੍ਰਿਤਕ ਦੇ ਤਿੰਨ ਦਿਨ ਬਾਅਦ ਪਿੰਡ ਕਲਸੀਆਂ ਕਲਾਂ ਪੁੱਜਣ ਤੇ ਪਰਿਵਾਰ ਵੱਲੋਂ ਅੰਤਿਮ ਰਸਮਾਂ ਪੂਰੀਆਂ ਕਰ ਸੰਸਕਾਰ ਕਰ ਦਿੱਤਾ ਗਿਆ ਹੈ ।