ਸਮਰਾਲਾ (ਪਰਮਿੰਦਰ ਵਰਮਾ), 17 ਮਈ 2022
ਸਮਰਾਲਾ ਦੇ ਪਿੰਡ ਮੰਜਾਲੀਆ ਵਿਖੇ ਨਿਹੰਗ ਸਿੰਘਾਂ ਨੇ ਕੁੱਟ ਕੁੱਟ ਕੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ। ਮਾਮਲਾ ਪਿੰਡ ਦੀ ਕੁੜੀ ਦੇ ਸ਼ੱਕੀ ਹਾਲਾਤਾਂ ਚ ਲਾਪਤਾ ਹੋਣ ਦਾ ਹੈ। ਕੁੜੀ ਦੇ ਲਾਪਤਾ ਹੋਣ ਮਗਰੋਂ ਚੱਲਦੀ ਪੁਲਸ ਦੀ ਜਾਂਚ ਦੌਰਾਨ ਹੀ ਨਿਹੰਗ ਸਿੰਘਾਂ ਨੇ ਨੌਜਵਾਨ ਦਾ ਕਤਲ ਕਰ ਦਿੱਤਾ।
ਘਟਨਾ ਮਗਰੋਂ ਰੋਸ ਵਜੋਂ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਥਾਣਾ ਸਮਰਾਲਾ ਬਾਹਰ ਰੋਡ ਜਾਮ ਕੀਤਾ ਅਤੇ ਪੁਲਸ ਖਿਲਾਫ ਨਾਅਰੇਬਾਜੀ ਕਰਦੇ ਹੋਏ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ।
ਉਥੇ ਹੀ ਪੁਲਸ ਤੋਂ ਬਚਣ ਲਈ ਇੱਕ ਨਿਹੰਗ ਵੱਲੋਂ ਖੇਤਾਂ ਚ ਭੱਜਣ ਦੀ ਕੋਸ਼ਿਸ਼ ਵੀ ਕੀਤੀ ਗਈ। ਪ੍ਰੰਤੂ ਪੁਲਸ ਨੇ ਪਿੱਛਾ ਕਰਕੇ ਦੋਸ਼ੀ ਨੂੰ ਫੜ ਲਿਆ। ਬਾਕੀ ਦੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਮ੍ਰਿਤਕ ਅਵਤਾਰ ਸਿੰਘ ਕੂਹਲੀ ਕਲਾਂ ਦਾ ਰਹਿਣ ਵਾਲਾ ਸੀ।
ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਪਿੰਡ ਮੰਜਾਲੀਆ ਦੀ ਕੁੜੀ ਕਰੀਬ 6 ਦਿਨਾਂ ਤੋਂ ਘਰੋਂ ਗਾਇਬ ਹੈ। ਕੁੜੀ ਨੂੰ ਭਜਾ ਕੇ ਲੈ ਜਾਣ ਦੇ ਸ਼ੱਕ ਚ ਲੜਕੀ ਦੇ ਪਰਿਵਾਰ ਵਾਲਿਆਂ ਨੇ ਸਮਰਾਲਾ ਥਾਣਾ ਵਿਖੇ ਸ਼ਿਕਾਇਤ ਦਿੱਤੀ ਹੋਈ ਸੀ ਜਿਸਦੀ ਪੜਤਾਲ ਲਈ ਐਤਵਾਰ ਨੂੰ ਅਵਤਾਰ ਸਿੰਘ ਨੂੰ ਥਾਣੇ ਬੁਲਾਇਆ ਹੋਇਆ ਸੀ।
ਕੁੜੀ ਦੇ ਪਰਿਵਾਰ ਵਾਲਿਆਂ ਦੇ ਨਾਲ ਪਿੰਡ ਮੰਜਾਲੀਆ ਵਿਖੇ ਹੀ ਡੇਰਾ ਬਣਾ ਕੇ ਰਹਿਣ ਵਾਲੇ ਨਿਹੰਗ ਸਿੰਘ ਵੀ ਆਏ ਹੋਏ ਸੀ। ਪੁਲਸ ਦੀ ਪੜਤਾਲ ਤੋਂ ਬਾਅਦ ਜਦੋਂ ਉਹ ਅਵਤਾਰ ਸਿੰਘ ਨੂੰ ਲੈ ਕੇ ਕੂਹਲੀ ਕਲਾਂ ਵਿਖੇ ਜਾਣ ਲੱਗੇ ਤਾਂ ਨਿਹੰਗ ਸਿੰਘਾਂ ਨੇ ਉਹਨਾਂ ਨੂੰ ਵਰਗਲਾ ਲਿਆ ਅਤੇ ਕਿਹਾ ਕਿ ਇੱਕ ਵਾਰ ਕੁੜੀ ਦੇ ਪਿੰਡ ਆਓ।
ਨਿਹੰਗ ਸਿੰਘ ਉਹਨਾਂ ਨੂੰ ਗੱਲਾਂ ਚ ਪਾ ਕੇ ਪਿੰਡ ਲੈ ਗਏ। ਜਿਥੇ ਅਵਤਾਰ ਸਿੰਘ ਦੀ ਬੁਰੀ ਤਰ੍ਹਾਂ ਨਾਲ ਕੁੱਟ ਮਾਰ ਕੀਤੀ ਗਈ। ਇਸ ਕੁੱਟਮਾਰ ਨਾਲ ਅਵਤਾਰ ਸਿੰਘ ਦੀ ਮੌਤ ਹੋ ਗਈ।