ਨਵੀਂ ਦਿੱਲੀ, 13 ਦਸੰਬਰ (ਸਕਾਈ ਨਿਊਜ਼ ਬਿਊਰੋ
ਭਾਰਤੀ ਮਹਿਲਾ ਫੁੱਟਬਾਲ ਟੀਮ ਦੀ ਫਾਰਵਰਡ ਬਾਲਾ ਦੇਵੀ ਨੇ 6 ਵਾਰ ਦੀ ਵਿਸ਼ਵ ਚੈਂਪੀਅਨ ਮੁੱਕੇਬਾਜ਼ ਅਤੇ ਓਲੰਪਿਕ ਤਮਗਾ ਜੇਤੂ ਐੱਮ. ਸੀ. ਮੈਰੀਕਾਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਉਸਦੇ ਲਈ ਪ੍ਰੇਰਣਾ ਦਾ ਇਕ ਵੱਡਾ ਸਰੋਤ ਹੈ।
ਯੂਰਪ ਵਿਚ ਪੇਸ਼ੇਵਰ ਫੁੱਟਬਾਲ ਖੇਡਣ ਵਾਲੀ ਭਾਰਤ ਦੀ ਪਹਿਲੀ ਖਿਡਾਰੀ ਬਣੀ ਬਾਲਾ ਦੇਵੀ ਨੇ ਯੂਰਪ ਦੇ ਰੇਂਜਰਸ ਕਲੱਬ ਵਲੋਂ ਖੇਡਦੇ ਹੋਏ ਮਦਰਵੇਲ ਵਿਰੁੱਧ ਜਿੱਤ ਵਿਚ ਐਤਵਾਰ ਨੂੰ ਆਪਣਾ ਪਹਿਲਾ ਮੁਕਾਬਲੇਬਾਜ਼ੀ ਗੋਲ ਕੀਤਾ ਸੀ, ਜਿਸ ਤੋਂ ਬਾਅਦ ਤੋਂ ਉਹ ਕਾਫੀ ਚਰਚਾ ਵਿਚ ਹੈ।
ਬਾਲਾ ਦੇਵੀ ਨੇ ਮੁੱਕੇਬਾਜ਼ ਮੈਰੀਕਾਮ ਦੇ ਨਾਲ ਆਪਣੀਆਂ ਯਾਦਾਂ ਤਾਜਾ ਕਰਦੇ ਹੋਏ ਦੱਸਿਆ ਕਿ ਕਿਵੇਂ ਦੋਵਾਂ ਦੀ ਇੰਚੀਓਨ ਵਿਚ ਏਸ਼ੀਆਈ ਖੇਡਾਂ-2014 ਦੌਰਾਨ ਮੁਲਾਕਾਤ ਤੇ ਗੱਲਬਾਤ ਹੋਈ ਸੀ।
ਉਸ ਨੇ ਕਿਹਾ,”ਮੈਰੀਕਾਮ ਨੇ ਆਪਣਾ ਕਰੀਅਰ ਬੇਹੱਦ ਨਿਮਰਤਾ ਨਾਲ ਸ਼ੁਰੂ ਕੀਤਾ ਤੇ ਆਪਣੀ ਸਖਤ ਮਿਹਨਤ ਦੇ ਰਾਹੀਂ ਕਈ ਰਿਕਾਰਡ ਤੋੜੇ। ਮਾਂ ਬਣਨ ਤੋਂ ਬਾਅਦ ਵੀ ਉਹ ਰਿਕਾਰਡ ਤੋੜਦੀ ਆਈ ਹੈ ਤੇ ਦੇਸ਼ ਲਈ ਜਿੱਤ ਹਾਸਲ ਕਰ ਰਹੀ ਹੈ।”
ਫਾਰਵਰਡ ਖਿਡਾਰੀ ਨੇ ਕਿਹਾ,”ਮੈਂ ਸਾਲ 2014 ਦੀਆਂ ਏਸ਼ੀਆਈ ਖੇਡਾਂ ਦੌਰਾਨ ਮੈਰੀਕਾਮ ਨਾਲ ਗੱਲਬਾਤ ਕੀਤੀ ਸੀ ਤੇ ਉਸ ਨੂੰ ਅਭਿਆਸ ਕਰਦੇ ਹੋਏ ਦੇਖਿਆ ਸੀ। ਉਹ ਬਹੁਤ ਹੀ ਮਿਲਣਸਾਰ ਸ਼ਖ਼ਸੀਅਤ ਹੈ ਤੇ ਉਹ ਖੇਡਾਂ ਦੌਰਾਨ ਵੀ ਸਾਡਾ ਸਮਰਥਨ ਕਰਦੀ ਹੈ।”
ਜ਼ਿਕਰਯੋਗ ਹੈ ਕਿ ਯੂਰਪ ਵਿਚ ਕਲੱਬ ਵਲੋਂ ਖੇਡ ਕੇ ਗੋਲ ਕਰਕੇ ਇਤਿਹਾਸ ਰਚਣ ਵਾਲੀ ਬਾਲਾ ਦੇਵੀ ਨੇ ਭਾਰਤੀ ਫੁੱਟਬਾਲ ਦਾ ਨਾਂ ਅੱਗੇ ਵਧਾਉਂਦੇ ਹੋਏ ਸਕਾਟਿਸ਼ ਮਹਿਲਾ ਪ੍ਰੀਮੀਅਰ ਲੀਗ ਦੇ ਰੇਂਜਰਸ ਕਲੱਬ ਦੇ ਨਾਲ ਕਰਾਰ ‘ਤੇ ਦਸਤਖਤ ਕੀਤੇ ਸਨ ਤੇ ਇਸਦੇ ਲਈ ਉਸ ਨੇ ਭਾਰਤੀ ਫੁੱਟਬਾਲ ਸੰਘ ਵਲੋਂ ਪ੍ਰਦਾਨ ਕੀਤੇ ਗਏ ‘ਕੌਮਾਂਤਰੀ ਤਜਰਬੇ’ ਨੂੰ ਇਸਦਾ ਇਕ ਪ੍ਰਮੁੱਖ ਕਾਰਣ ਦੱਸਿਆ।