ਨਿਊਜ਼ ਡੈਸਕ,28 ਮਾਰਚ (ਸਕਾਈ ਨਿਊਜ਼ ਬਿਊਰੋ)
ਅੱਜ ਦੁਪਹਿਰ 1.30 ਵਜੇ ਭਾਰਤ ਤੇ ਇੰਗਲੈਂਡ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਆਖ਼ਰੀ ਮੈਚ ਪੁਣੇ ਸਥਿਤ ਮਹਾਰਾਸ਼ਟਰ ਕ੍ਰਿਕੇਟ ਐਸੋਸੀਏਸ਼ਨ ਦੇ ਸਟੇਡੀਅਮ ’ਚ ਖੇਡਿਆ ਜਾਵੇਗਾ। ਦੂਜੇ ਵਨਡੇ ’ਚ ਇੰਗਲੈਂਡ ਦੀ ਜਿੱਤ ਤੋਂ ਬਾਅਦ ਇਹ ਸੀਰੀਜ਼ ਵੀ ਬੇਹੱਦ ਰੋਮਾਂਚਕ ਮੋੜ ’ਤੇ ਆ ਗਈ ਹੈ। ਫ਼ਿਲਹਾਲ ਤਿੰਨ ਮੈਚਾਂ ਦੀ ਇਹ ਸੀਰੀਜ਼ 1-1 ਦੀ ਬਰਾਬਰੀ ’ਤੇ ਹਨ। ਇੰਝ ਅੱਜ ਦਾ ਮੈਚ ਫ਼ੈਸਲਾਕੁੰਨ ਹੋਵੇਗਾ ਕਿਉਂਕਿ ਜਿਹੜੀ ਟੀਮ ਵੀ ਜਿੱਤੇਗੀ, ਇਹ ਸੀਰੀਜ਼ ਉਸੇ ਦੇ ਨਾਂਅ ਹੋ ਜਾਵੇਗੀ।ਇੰਝ ਅੱਜ ਇੰਗਲੈਂਡ ਵਿਰੁੱਧ ਤੀਜਾ ਵਨਡੇ ਜਿੱਤ ਕੇ ਟੀਮ ਇੰਡੀਆ ਲਗਾਤਾਰ ਤਿੰਨ ਵਨਡੇ ਸੀਰੀਜ਼ ਹਾਰਨ ਤੋਂ ਬਚਣਾ ਚਾਹੇਗੀ।
ਦੱਸਣਵਾਲੀ ਗੱਲ ਹੈ ਕਿ ਭਾਰਤੀ ਟੀਮ ਨੂੰ ਪਿਛਲੀਆਂ ਦੋ ਵਨਡੇ ਸੀਰੀਜ਼ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਵਿਰਾਟ ਸੈਨਾ ਨੂੰ ਪਿਛਲੇ ਸਾਲ ਆਸਟ੍ਰੇਲੀਆ ਵਿਰੁੱਧ ਤਿੰਨ ਮੈਚਾਂ ਦੀ ਸੀਰੀਜ਼ ਵਿੱਚ 1-2 ਤੇ ਕੋਵਿਡ ਮਹਾਮਾਰੀ ਤੋਂ ਪਹਿਲਾਂ ਨਿਊ ਜ਼ੀਲੈਂਡ ਵਿਰੁੱਧ ਤਿੰਨ ਮੈਚਾਂ ਦੀ ਸੀਰੀਜ਼ ਵਿੱਚ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਤੁਹਾਨੂੰ ਦੱਸ ਦੇਈਏ ਕਿ ਭਾਰਤੀ ਟੀਮ ਪਿਛਲੇ 24 ਸਾਲਾਂ ਤੋਂ ਲਗਾਤਾਰ ਤਿੰਨ ਵਨਡੇ ਸੀਰੀਜ਼ ਨਹੀਂ ਹਾਰੀ ਹੈ। 1996-97 ’ਚ ਭਾਰਤੀ ਟੀਮ ਸ੍ਰੀ ਲੰਕਾ, ਪਾਕਿਸਤਾਨ ਤੇ ਵੈਸਟ ਇੰਡੀਜ਼ ਤੋਂ ਲਗਾਤਾਰ ਤਿੰਨ ਵਨਡੇ ਸੀਰੀਜ਼ ਹਾਰੀ ਸੀ। ਇੰਝ ਅੱਜ ਟੀਮ ਇੰਡੀਆ ਹਰ ਹਾਲਤ ’ਚ ਸੀਰੀਜ਼ ਜਿੱਤਣਾ ਚਾਹੇਗੀ।ਇੰਗਲੈਂਡ ਨੂੰ ਉਸ ਦੀ ਪਿਛਲੇ ਵਨਡੇ ਸੀਰੀਜ਼ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਦੋਂ ਪਿਛਲੇ ਸਾਲ ਆਸਟ੍ਰੇਲੀਆ ਨੇ ਉਸ ਨੂੰ 2-1 ਨਾਲ ਹਰਾ ਦਿੱਤਾ ਸੀ।