ਸ੍ਰੀ ਫ਼ਤਹਿਗੜ੍ਹ ਸਾਹਿਬ (ਜਗਦੇਵ ਸਿੰਘ), 4 ਮਈ 2022
ਦੀ ਰੈਵੀਨਿਊ ਪਟਵਾਰ ਯੂਨੀਅਨ ਅਤੇ ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦਾ ਇੱਕ ਵਫ਼ਦ ਤਹਿਸੀਲਦਾਰ ਫਤਹਿਗੜ੍ਹ ਸਾਹਿਬ ਅਮਨਦੀਪ ਚਾਵਲਾ ਨੂੰ ਮਿਲਿਆ।
ਇਸ ਸਬੰਧੀ ਪ੍ਰਿੰਸਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਪਟਵਾਰ ਯੂਨੀਅਨ, ਮੋਹਨ ਸਿੰਘ ਭੇਡਪੁਰਾ ਨੁਮਾਇੰਦਾ ਕੁਲ ਹਿੰਦ ਕਾਨੂੰਗੋ ਐਸੋਸੀਏਸ਼ਨ ਦੇ ਆਗੂਆਂ ਨੇ ਦੱਸਿਆ ਕਿ ਦੀ ਰੈਵੀਨਿਊ ਪਟਵਾਰ ਯੂਨੀਅਨ, ਜ਼ਿਲ੍ਹਾ ਸੰਗਰੂਰ/ਮਲੇਰਕੋਟਲਾ ਦੇ ਪ੍ਰਧਾਨ (ਸ ਦੀਦਾਰ ਸਿੰਘ ਛੋਕਰਾ ਪਟਵਾਰੀ) ਦੇ ਖਿਲਾਫ ਬਿਨਾਂ ਵਿਭਾਗੀ ਪੜਤਾਲ ਦੇ ਵਿਜੀਲੈਂਸ ਵਿਭਾਗ ਵਲੋਂ ਨਜਾਇਜ਼ ਧੱਕੇਸ਼ਾਹੀ ਕਰਦਿਆਂ ਗਲਤ ਤਰੀਕੇ ਨਾਲ ਐਫ.ਆਈ.ਆਰ. ਨੰਬਰ 5 ਮਿਤੀ 26/4/2022 ਦਰਜ ਕੀਤੀ ਗਈ ਅਤੇ ਨਜਾਇਜ਼ ਤਰੀਕੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ l
ਜਿਸ ਦੀ ਪੁਰਜ਼ੋਰ ਨਿਖੇਧੀ ਕੀਤੀ ਜਾਂਦੀ ਹੈ।ਇਸ ਐਫ.ਆਈ.ਆਰ. ਦੇ ਸਬੰਧ ਵਿੱਚ ਸ ਦੀਦਾਰ ਸਿੰਘ ਪਟਵਾਰੀ ਜੋ ਕਿ ਬੇਕਸੂਰ ਹਨ ,ਵਲੋਂ ਜ਼ਮਾਨਤ ਲਈ ਅਪਲਾਈ ਨਾ ਕਰਨ ਦਾ ਫੈਸਲਾ ਵੀ ਲਿਆ ਗਿਆ।
ਇਸ ਲਈ ਤਾਲਮੇਲ ਕਮੇਟੀ ਪੰਜਾਬ ਦੇ ਆਦੇਸ਼ ਮੁਤਾਬਕ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸਮੂਹ ਪਟਵਾਰੀ ਅਤੇ ਕਾਨੂੰਗੋ ਰੋਸ ਵਜੋਂ ਮਿਤੀ 04/05/2022 ਤੋਂ 15/05/2022 ਤੱਕ ਸਮੂਹਿਕ ਛੁੱਟੀ ਤੇ ਰਹਿਣਗੇ । ਜੇਕਰ 15 ਮਈ 2022 ਤੱਕ ਸਰਕਾਰ ਵੱਲੋਂ ਇਸ ਮਸਲੇ ਦਾ ਕੋਈ ਹੱਲ ਨਾ ਕੀਤਾ ਗਿਆ ਤਾਂ 16 ਮਈ 2022 ਨੂੰ ਦੋਵੇਂ ਜਥੇਬੰਦੀਆਂ ਕੋਈ ਹੋਰ ਸਖ਼ਤ ਫੈਸਲਾ ਲੈਣ ਲਈ ਮਜਬੂਰ ਹੋਣਗੀਆਂ ਜਿਸ ਦੀ ਸਮੁੱਚੀ ਜ਼ਿੰਮੇਵਾਰੀ ਵਿਜੀਲੈਂਸ ਵਿਭਾਗ ਅਤੇ ਪੰਜਾਬ ਸਰਕਾਰ ਦੀ ਹੋਵੇਗੀ।