ਅਮਰੀਕਾ,7 ਅਪ੍ਰੈਲ (ਸਕਾਈ ਨਿਊਜ਼ ਬਿਊਰੋ)
US Every adult Corona vaccine: ਕੋਰੋਨਾ ਦੀ ਤੇਜ਼ੀ ਹੋ ਰਹੀ ਗਤੀ ਨੂੰ ਦੇਖਦੇ ਹੋਏ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਹੈ ਕਿ ਉਹਨਾਂ ਦੇ ਪ੍ਰਸ਼ਾਸਨ ਨੇ ਸਿਰਫ 75 ਦਿਨ ਦੇ ਅੰਦਰ ਰਿਕਾਰਡ 15 ਕਰੋੜ ਲੋਕਾਂ ਦਾ ਟੀਕਾਕਰਨ ਕੀਤਾ ਹੈ ਅਤੇ ਦੇਸ਼ ਵਿਚ 19 ਅਪ੍ਰੈਲ ਤੋਂ ਹਰ ਬਾਲਗ ਨੂੰ ਟੀਕਾ ਲੱਗ ਸਕੇਗਾ।ਰਾਸ਼ਟਰਪਤੀ ਵੱਲੋਂ ਮੰਗਲਵਾਰ ਨੂੰ ਇਹ ਘੋਸ਼ਣਾ ਕੀਤੀ ਗਈ ਹੈ ਜਿਸ ਵਿਚ ਉਹਨਾਂ ਨੇ ਕਿਹਾ ਕਿ 19 ਅਪ੍ਰੈਲ ਤੋਂ ਹਰ ਬਾਲਗ ਟੀਕਾ ਲਗਵਾ ਸਕੇਗਾ ਅਤੇ ਟੀਕਾਕਰਨ ਮੁਹਿੰਮ ਦਾ ਵਿਸਥਾਰ ਹੋਵੇਗਾ। ਬਾਈਡੇਨ ਨੇ ਆਪਣੇ ਪ੍ਰਸ਼ਾਸਨ ਦੇ ਸ਼ੁਰੂਆਤੀ 100 ਦਿਨ ਦੇ ਅੰਦਰ 10 ਕਰੋੜ ਲੋਕਾਂ ਦੇ ਟੀਕਾਕਰਨ ਦਾ ਟੀਚਾ ਰੱਖਿਆ ਸੀ ਪਰ ਉਹਨਾਂ ਨੇ ਸਿਰਫ 75 ਦਿਨ ਦੇ ਅੰਦਰ ਰਿਕਾਰਡ 15 ਕਰੋੜ ਲੋਕਾਂ ਦਾ ਟੀਕਾਕਰਨ ਕਰਾ ਦਿੱਤਾ ਹੈ।
19 ਅਪ੍ਰੈਲ ਤੋਂ ਹਰ ਬਾਲਗ ਨੂੰ ਲੱਗੇਗਾ ਕੋਰੋਨਾ ਟੀਕਾ
ਬਾਈਡੇਨ ਨੇ ਹੁਣ ਆਪਣੇ ਪ੍ਰਸ਼ਾਸਨ ਦੇ ਪਹਿਲੇ 100 ਦਿਨ ਵਿਚ 20 ਕਰੋੜ ਦੇਸ਼ਵਾਸੀਆਂ ਦੇ ਟੀਕਾਕਰਨ ਦਾ ਟੀਚਾ ਰੱਖਿਆ ਹੈ। ਰਾਸ਼ਟਰਪਤੀ ਨੇ ਵਾਸ਼ਿੰਗਟਨ ਡੀ.ਸੀ. ਦੇ ਵਰਜੀਨੀਆ ਉਪਨਗਰ ਵਿਚ ਇਕ ਟੀਕਾਕਰਨ ਕੇਂਦਰ ਵਿਚ ਕਿਹਾ,”ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਹਾਲੇ ਜਿੱਤੇ ਦੇ ਕਰੀਬ ਨਹੀਂ ਪਹੁੰਚੇ ਹਾਂ। ਹਾਲੇ ਬਹੁਤ ਕੁਝ ਕਰਨਾ ਬਾਕੀ ਹੈ। ਵਾਇਰਸ ਖ਼ਿਲਾਫ਼ ਜੰਗ ਵਿਚ ਅਸੀਂ ਹਾਲੇ ਵੀ ਸੰਘਰਸ਼ ਕਰ ਰਹੇ ਹਾਂ। ਜਦੋਂ ਤੱਕ ਵੱਧ ਤੋਂ ਵੱਧ ਲੋਕਾਂ ਦਾ ਟੀਕਾਕਰਨ ਨਹੀਂ ਹੁੰਦਾ, ਉਦੋਂ ਤੱਕ ਇਹ ਜ਼ਰੂਰੀ ਹੈ ਕਿ ਹਰ ਕੋਈ ਆਪਣੇ ਹੱਥਾਂ ਨੂੰ ਧੋਵੇ, ਸਮਾਜਿਕ ਦੂਰੀ ਦੀ ਪਾਲਣਾ ਕਰੇ ਅਤੇ ਮਾਸਕ ਪਹਿਨੇ।”
ਹੁਣ ਤੱਕ 5,54,064 ਅਮਰੀਕੀ ਜਾਨ ਗਵਾ ਚੁੱਕੇ
ਉਹਨਾਂ ਨੇ ਸਵੀਕਾਰ ਕੀਤਾ ਕਿ ਉਹਨਾਂ ਦਾ ਪ੍ਰਸ਼ਾਸਨ ਮਾਰਚ ਤੱਕ ਹਰ ਸਕੂਲੀ ਅਧਿਆਪਕ, ਸਕੂਲ ਕਰਮਚਾਰੀ ਅਤੇ ਬੱਚਿਆਂ ਦੀ ਦੇਖਭਾਲ ਕਰਨ ਵਾਲੇ ਕਰਮਚਾਰੀ ਨੂੰ ਟੀਕੇ ਦੀ ਖੁਰਾਕ ਦੇਣ ਦੇ ਟੀਚੇ ਨੂੰ ਪੂਰਾ ਨਹੀਂ ਕਰ ਪਾਇਆ ਜਿਸ ਨਾਲ ਕਿ ਸਕੂਲਾਂ ਨੂੰ ਮੁੜ ਖੋਲ੍ਹਿਆ ਜਾ ਸਕੇ। ਕੋਰੋਨਾ ਵਾਇਰਸ ਮਹਾਮਾਰੀ ਨਾਲ ਹੁਣ ਤੱਕ 5,54,064 ਅਮਰੀਕੀ ਜਾਨ ਗਵਾ ਚੁੱਕੇ ਹਨ। ਅਮਰੀਕੀ ਰਾਸ਼ਟਰਪਤੀ ਨੇ ਚਿਤਾਵਨੀ ਦਿੱਤੀ ਕਿ ਵਾਇਰਸ ਦਾ ਨਵਾਂ ਵੈਰੀਐਂਟ ਤੇਜ਼ੀ ਨਾਲ ਫੈਲ ਰਿਹਾ ਹੈ। ਉਹਨਾਂ ਨੇ ਕਿਹਾ ਕਿ ਮਹਾਮਾਰੀ ਹੁਣ ਵੀ ਖਤਰਨਾਕ ਪੱਧਰ ‘ਤੇ ਹੈ। ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਉਹਨਾਂ ਦੇ ਪਤੀ ਡਗ ਐਮਹੌਫ ਨੇ ਵੀ ਮੰਗਲਵਾਰ ਨੂੰ ਕੋਵਿਡ-19 ਟੀਕਾਕਰਨ ਮੁਹਿੰਮ ਦੇ ਪ੍ਰਚਾਰ ਵਿਚ ਹਿੱਸਾ ਲਿਆ। ਦੋਹਾਂ ਨੇ ਟੀਕਾਕਰਨ ਕੇਂਦਰ ਦਾ ਦੌਰਾ ਕੀਤਾ।
ਉਹਨਾਂ ਨੇ ਕਿਹਾ,”ਟੀਕਾਕਰਨ ਹੀ ਮਹਾਮਾਰੀ ਨੂੰ ਹਰਾਉਣ ਦਾ ਇਕੋਇਕ ਢੰਗ ਹੈ।” ਬਾਈਡੇਨ ਨੇ ਅੱਗੇ ਕਿਹਾ,”ਇਸ ਨੂੰ ਇੰਝ ਸੋਚੋ ਕਿ ਚੰਗਾ ਸਮਾਂ ਆਉਣ ਵਾਲਾ ਹੈ ਅਤੇ ਮੈਂ ਪਹਿਲਾਂ ਹੀ ਕਿਹਾ ਸੀ ਕਿ ਜੁਲਾਈ ਤੱਕ ਅਸੀਂ ਇਕ ਸੁਰੱਖਿਅਤ, ਖੁਸ਼ਹਾਲ ਮਾਹੌਲ ਵਿਚ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਛੋਟੇ ਸਮੂਹਾਂ ਵਿਚ ਖੁਸ਼ੀ ਦੇ ਪਲ ਬਿਤਾ ਸਕਾਂਗੇ ਪਰ ਅਸਲ ਵਿਚ ਸਵਾਲ ਇਹ ਹੈ ਕਿ ਉਦੋਂ ਤੱਕ ਅਸੀਂ ਕਿੰਨੀਆਂ ਹੋਰ ਮੌਤਾਂ, ਬੀਮਾਰੀਆਂ ਅਤੇ ਦੁਖ ਦੇਖਣੇ ਬਾਕੀ ਹਨ।” ਬਾਈਡੇਨ ਨੇ ਕਿਹਾ ਕਿ ਨਵੇਂ ਮਾਮਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਅਤੇ ਹਸਪਤਾਲਾਂ ਵਿਚ ਮਰੀਜ਼ ਵੱਧ ਰਹੇ ਹਨ। ਉਹਨਾਂ ਨੇ ਕਿਹਾ ਕਿ ਵਾਇਰਸ ਦੇ ਨਵੇਂ ਵੈਰੀਐਂਟ ਤੋਂ ਕਿਸੇ ਨੂੰ ਡਰਨ ਦੀ ਲੋੜ ਨਹੀਂ ਹੈ। ਹੋਰ ਦੇਸ਼ਾਂ ਵਿਚ ਨਵੇਂ ਵੈਰੀਐਂਟ ਦੇ ਮਾਮਲੇ ਸਾਹਮਣੇ ਆਉਣ ਦੇ ਬਾਅਦ ਅਮਰੀਕਾ ਵਿਚ ਵੀ ਅਜਿਹੇ ਮਾਮਲੇ ਆ ਰਹੇ ਹਨ। ਉਹਨਾਂ ਨੇ ਮੰਨਿਆ ਕਿ ਵਾਇਰਸ ਦਾ ਨਵਾਂ ਵੈਰੀਐਂਟ ਜ਼ਿਆਦਾ ਜਾਨਲੇਵਾ ਹੈ ਪਰ ਉਹਨਾਂ ਨੇ ਜ਼ੋਰ ਦਿੱਤਾ ਕਿ ਟੀਕਾ ਨਵੇਂ ਵੈਰੀਐਂਟ ‘ਤੇ ਵੀ ਕਾਰਗਰ ਹੈ।”