
7 ਸਤੰਬਰ 2023
ਕਈ ਵਾਰ ਬਿਨਾਂ ਕਿਸੇ ਖਾਸ ਕਾਰਨ ਦੇ ਮੂੰਹ ਵਿੱਚ ਅਚਾਨਕ ਕੌੜਾ ਸਵਾਦ ਮਹਿਸੂਸ ਹੋਣ ਲੱਗਦਾ ਹੈ। ਅਕਸਰ ਇਹ ਸਮੱਸਿਆ ਥੋੜੇ ਸਮੇਂ ਬਾਅਦ ਆਪਣੇ ਆਪ ਠੀਕ ਹੋ ਜਾਂਦੀ ਹੈ, ਪਰ ਕੁਝ ਮਾਮਲਿਆਂ ਵਿੱਚ ਇਹ ਕਿਸੇ ਅੰਦਰੂਨੀ ਸਿਹਤ ਸਮੱਸਿਆ ਵੱਲ ਵੀ ਇਸ਼ਾਰਾ ਕਰ ਸਕਦੀ ਹੈ। ਇਸ ਲਈ ਜੇ ਇਹ ਸਮੱਸਿਆ ਲਗਾਤਾਰ ਬਣੀ ਰਹੇ, ਤਾਂ ਇਸਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
ਮੂੰਹ ਵਿੱਚ ਕੌੜਾਪਣ ਆਉਣ ਦੇ ਮੁੱਖ ਕਾਰਨ
ਡਿਹਾਈਡਰੇਸ਼ਨ: ਜਦੋਂ ਸਰੀਰ ਵਿੱਚ ਪਾਣੀ ਦੀ ਘਾਟ ਹੋ ਜਾਂਦੀ ਹੈ ਤਾਂ ਲਾਰ ਘੱਟ ਬਣਦੀ ਹੈ, ਜਿਸ ਨਾਲ ਮੂੰਹ ਸੁੱਕਾ ਅਤੇ ਕੌੜਾ ਲੱਗਣ ਲੱਗਦਾ ਹੈ।
ਦੰਦਾਂ ਜਾਂ ਮਸੂੜਿਆਂ ਦੀ ਸਮੱਸਿਆ: ਗਮ ਇਨਫੈਕਸ਼ਨ ਜਾਂ ਹੋਰ ਔਰਲ ਹੈਲਥ ਨਾਲ ਜੁੜੀਆਂ ਸਮੱਸਿਆਵਾਂ ਵੀ ਮੂੰਹ ਦੇ ਸਵਾਦ ਨੂੰ ਖਰਾਬ ਕਰ ਸਕਦੀਆਂ ਹਨ।
ਕੁਝ ਦਵਾਈਆਂ: ਕੁਝ ਐਂਟੀਬਾਇਓਟਿਕਸ ਜਾਂ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਦਾ ਸਾਈਡ ਇਫੈਕਟ ਮੂੰਹ ਦਾ ਸਵਾਦ ਬਦਲਣਾ ਹੋ ਸਕਦਾ ਹੈ।
ਸਾਈਨਸ ਜਾਂ ਐਲਰਜੀ: ਨੱਕ ਜਾਂ ਸਾਈਨਸ ਵਿੱਚ ਇਨਫੈਕਸ਼ਨ ਹੋਣ ’ਤੇ ਵੀ ਸਵਾਦ ’ਤੇ ਅਸਰ ਪੈਂਦਾ ਹੈ।
ਐਸਿਡ ਰਿਫਲਕਸ: ਜਦੋਂ ਪੇਟ ਦਾ ਤੇਜ਼ਾਬ ਉੱਪਰ ਵੱਲ ਆ ਜਾਂਦਾ ਹੈ, ਤਾਂ ਮੂੰਹ ਵਿੱਚ ਖਟਾਸ ਅਤੇ ਕੌੜਾਪਣ ਮਹਿਸੂਸ ਹੁੰਦਾ ਹੈ।
ਇਨਫੈਕਸ਼ਨ: ਵਾਇਰਲ ਜਾਂ ਬੈਕਟੀਰੀਅਲ ਇਨਫੈਕਸ਼ਨ ਵੀ ਇਸ ਸਮੱਸਿਆ ਦਾ ਕਾਰਨ ਬਣ ਸਕਦੇ ਹਨ।
ਸਿਗਰਟਨੋਸ਼ੀ: ਧੂੰਮਰਪਾਨ ਨਾਲ ਸਵਾਦ ਗ੍ਰੰਥੀਆਂ ਕਮਜ਼ੋਰ ਪੈ ਜਾਂਦੀਆਂ ਹਨ, ਜਿਸ ਨਾਲ ਸਵਾਦ ਬਦਲ ਜਾਂਦਾ ਹੈ।
ਹਾਰਮੋਨਲ ਬਦਲਾਅ: ਖ਼ਾਸ ਕਰਕੇ ਗਰਭ ਅਵਸਥਾ ਜਾਂ ਥਾਇਰਾਇਡ ਨਾਲ ਜੁੜੀਆਂ ਸਮੱਸਿਆਵਾਂ ਦੌਰਾਨ।
ਉਮਰ ਦਾ ਅਸਰ: ਉਮਰ ਵਧਣ ਨਾਲ ਸਵਾਦ ਨੂੰ ਮਹਿਸੂਸ ਕਰਨ ਦੀ ਸਮਰੱਥਾ ਹੌਲੀ-ਹੌਲੀ ਘੱਟ ਹੋ ਸਕਦੀ ਹੈ।
ਮੁੱਖ ਲੱਛਣ
ਮੂੰਹ ਵਿੱਚ ਲਗਾਤਾਰ ਕੌੜਾ ਸਵਾਦ ਆਉਣਾ
ਮੂੰਹ ਸੁੱਕਣਾ ਜਾਂ ਲਾਰ ਦੀ ਘਾਟ ਹੋਣਾ
ਮੂੰਹ ਜਾਂ ਗਲੇ ਵਿੱਚ ਜਲਣ
ਬੋਲਣ ਜਾਂ ਨਿਗਲਣ ਵਿੱਚ ਮੁਸ਼ਕਲ
ਸਾਹ ਵਿੱਚ ਬਦਬੂ ਆਉਣਾ
ਮਨ ਖਰਾਬ ਹੋਣਾ ਜਾਂ ਉਲਟੀ ਆਉਣੀ
ਥਕਾਵਟ ਜਾਂ ਕਮਜ਼ੋਰੀ ਮਹਿਸੂਸ ਹੋਣੀ
ਘਰੇਲੂ ਉਪਾਅ
ਵੱਧ ਪਾਣੀ ਪੀਓ: ਸਰੀਰ ਨੂੰ ਹਾਈਡਰੇਟ ਰੱਖਣ ਨਾਲ ਮੂੰਹ ਦਾ ਕੌੜਾਪਣ ਘਟਣ ਲੱਗਦਾ ਹੈ।
ਸ਼ੂਗਰ-ਫ੍ਰੀ ਗਮ ਚਬਾਓ: ਇਸ ਨਾਲ ਲਾਰ ਬਣਨ ਦੀ ਪ੍ਰਕਿਰਿਆ ਤੇਜ਼ ਹੁੰਦੀ ਹੈ ਅਤੇ ਮੂੰਹ ਵਿੱਚ ਤਾਜ਼ਗੀ ਆਉਂਦੀ ਹੈ।
ਬੇਕਿੰਗ ਸੋਡਾ ਨਾਲ ਕੁੱਲ੍ਹਾ: ਇੱਕ ਗਲਾਸ ਪਾਣੀ ਵਿੱਚ ਇੱਕ ਛੋਟਾ ਚਮਚ ਬੇਕਿੰਗ ਸੋਡਾ ਮਿਲਾ ਕੇ ਕੁੱਲ੍ਹਾ ਕਰਨ ਨਾਲ ਐਸਿਡਿਟੀ ਅਤੇ ਸਾਹ ਦੀ ਬਦਬੂ ਘੱਟ ਹੁੰਦੀ ਹੈ।
ਡਾਕਟਰ ਨਾਲ ਕਦੋਂ ਸੰਪਰਕ ਕਰਨਾ ਚਾਹੀਦਾ ਹੈ?
ਜੇ ਮੂੰਹ ਦਾ ਕੌੜਾਪਣ ਕਈ ਦਿਨਾਂ ਤੱਕ ਠੀਕ ਨਾ ਹੋਵੇ
ਬਿਨਾਂ ਕਿਸੇ ਕਾਰਨ ਵਜ਼ਨ ਘਟਣ ਲੱਗ ਪਏ ਜਾਂ ਕਮਜ਼ੋਰੀ ਮਹਿਸੂਸ ਹੋਵੇ
ਪਹਿਲਾਂ ਤੋਂ ਐਸਿਡ ਰਿਫਲਕਸ ਜਾਂ ਸਾਹ ਨਾਲ ਜੁੜੀ ਕੋਈ ਬੀਮਾਰੀ ਹੋਵੇ
ਮਨ ਖਰਾਬ ਰਹੇ, ਉਲਟੀ ਆਵੇ ਜਾਂ ਪੇਟ ਵਿੱਚ ਗੜਬੜ ਮਹਿਸੂਸ ਹੋਵੇ
ਕੋਈ ਨਵੀਂ ਦਵਾਈ ਸ਼ੁਰੂ ਕੀਤੀ ਹੋਵੇ ਜਾਂ ਦਵਾਈ ਦੀ ਮਾਤਰਾ ਬਦਲੀ ਗਈ ਹੋਵੇ
ਖਾਣ-ਪੀਣ ਵਿੱਚ ਦਿੱਕਤ ਆ ਰਹੀ ਹੋਵੇ
