ਪੰਜਾਬ ਵਿੱਚ ਵੇਰਕਾ ਦੇ ਦੁੱਧ ਪਾਊਡਰ ਸੈਂਪਲ ਫੇਲ੍ਹ ਹੋਣ ਦੇ ਮਾਮਲੇ ਨੇ ਗੰਭੀਰ ਰੂਪ ਧਾਰ ਲਿਆ ਹੈ। ਫੌਜ ਵੱਲੋਂ ਗੁਣਵੱਤਾ ਮਾਪਦੰਡਾਂ ‘ਤੇ ਖਰੇ ਨਾ ਉਤਰਣ ਕਾਰਨ ਦੋ ਸੈਂਪਲ ਰੱਦ ਕਰ ਦਿੱਤੇ ਗਏ ਹਨ। ਇਹ ਸਪਲਾਈ ਲੁਧਿਆਣਾ ਕੋਆਪਰੇਟਿਵ ਮਿਲਕ ਪ੍ਰੋਡਿਊਸਰ ਯੂਨੀਅਨ ਲਿਮਟਿਡ ਵੱਲੋਂ ਕੀਤੀ ਜਾ ਰਹੀ ਸੀ, ਜਿਸ ਨੇ ਫੌਜ ਨੂੰ 783 ਕਿਲੋ ਦੁੱਧ ਪਹੁੰਚਾਉਣਾ ਸੀ।
ਇਸ ਘਟਨਾ ਤੋਂ ਬਾਅਦ ਪੰਜਾਬ ਸਰਕਾਰ ਨੇ ਤੁਰੰਤ ਕਾਰਵਾਈ ਕਰਦਿਆਂ ਲੁਧਿਆਣਾ ਮਿਲਕ ਯੂਨੀਅਨ ਦੇ ਜਨਰਲ ਮੈਨੇਜਰ ਦਲਜੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਸਸਪੈਂਸ਼ਨ ਦੌਰਾਨ ਉਨ੍ਹਾਂ ਦੀ ਡਿਊਟੀ ਚੰਡੀਗੜ੍ਹ ਸਥਿਤ ਪੰਜਾਬ ਸਟੇਟ ਕੋਆਪਰੇਟਿਵ ਮਿਲਕ ਫੈਡਰੇਸ਼ਨ ਵਿੱਚ ਲਗਾਈ ਗਈ ਹੈ।
ਫੌਜ ਨੇ ਸਪੱਸ਼ਟ ਕੀਤਾ ਹੈ ਕਿ ਫੇਲ੍ਹ ਹੋਏ ਸੈਂਪਲਾਂ ਨੂੰ ਸੱਤ ਦਿਨਾਂ ਅੰਦਰ ਵਾਪਸ ਚੁੱਕਿਆ ਜਾਵੇ, ਨਹੀਂ ਤਾਂ ਉਨ੍ਹਾਂ ਨੂੰ ਅਧਿਕਾਰੀਆਂ ਦੀ ਨਿਗਰਾਨੀ ਹੇਠ ਨਸ਼ਟ ਕਰ ਦਿੱਤਾ ਜਾਵੇਗਾ।
ਇਸਦੇ ਨਾਲ ਹੀ, ਦਲਜੀਤ ਸਿੰਘ ਨੇ ਦਾਅਵਾ ਕੀਤਾ ਹੈ ਕਿ ਸੈਂਪਲਾਂ ਨੂੰ ਦੁਬਾਰਾ ਜਾਂਚ ਲਈ ਭੇਜਿਆ ਗਿਆ ਹੈ ਅਤੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਨਵੀਂ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਸਪਲਾਈ ਬਾਰੇ ਫੈਸਲਾ ਲਿਆ ਜਾਵੇਗਾ।












