
25 ਮਈ, 2026
ਕੁਝ ਦਿਨ ਪਹਿਲਾਂ ਮਾਰਕਿਟ ਵਿੱਚ ਇੱਕ ਖਾਸ ਘਟਨਾ ਵਾਪਰੀ ਜਿਸ ਨੇ ਪਿਛਲੇ ਲੰਮੇ ਦਾ ਇਤਿਹਾਸ ਮੇਰੇ ਸਾਹਮਣੇ ਖੜ੍ਹਾ ਕਰ ਦਿੱਤਾ ।
ਕੁਝ ਇਸ ਤਰ੍ਹਾਂ ਵਾਪਰਿਆ ਕਿ ਮੈਂ ਕੁਝ ਸਮਾਨ ਖਰੀਦਣ ਲਈ ਕਰਿਆਨੇ ਦੇ ਸਟੋਰ ਤੇ ਖੜ੍ਹਾ ਸੀ।
ਉੱਥੇ ਹੀ ਇੱਕ ਜਵਾਨ ਔਰਤ ਅਪਣੇ 5-6 ਸਾਲ ਦੇ ਬੱਚੇ ਨਾਲ ਖੜ੍ਹੀ ਸੀ । ਬੱਚੇ ਦੀ ਮਾਂ ਨੇ ਸਟੋਰ ਦੇ ਕਾਊਂਟਰ ਤੇ ਬੈਠੀ ਤਕਰੀਬਨ ਬਰਾਬਰ ਦੀ ਉਮਰ ਦੀ ਔਰਤ ਨੂੰ ਦੀਦੀ ਕਹਿ ਕੇ ਸਮਾਨ ਮੰਗਿਆ ।ਬੱਚਾ ਝੱਟ ਬੋਲਿਆ ਮੰਮਾ ਦੀਦੀ ਨਹੀਂ ਕਹਿਣਾ , ਮੈਮ ਕਹਿਣਾ । ਬੱਚੇ ਦੀ ਮਾਂ ਨੇ ਕਿਹਾ ਕਿ ਦੀਦੀ ਕਹਿੰਦੇ ਪਰ ਬੱਚਾ ਅੜ ਗਿਆ ਤੇ ਬਾਰ ਬਾਰ ਦੁਹਰਾਉਦਾ ਰਿਹਾ ਕਿ ਮੈਮ ਹੀ ਕਹਿਣਾ ਕਿਉਂਕਿ ਬੱਚੇ ਨੇ ਅਜੇ ਸਿਰਫ ਸਕੂਲ ਵਿਚ ਟੀਚਰ ਨੂੰ ਮੈਮ ਕਹਿਣਾ ਹੀ ਸਿਖਿਆ ਸੀ ਤੇ ਬਰਾਬਰ ਦੀ ਉਮਰ ਵਾਲੇ ਨੂੰ ਦੀਦੀ ਕਹਿਣਾ ਹੁੰਦਾ ਉਸ ਬੱਚੇ ਨੇ ਨਹੀਂ ਇਹ ਬੱਚੇ ਦਾ ਕਸੂਰ ਜਾਂ ਜ਼ਿੱਦ ਨਹੀਂ ਸੀ ਬਲਿਕ ਬੱਚੇ ਦੀ ਸੀਮਤ ਸਿੱਖਿਆ ਸੀ ।
ਅੱਜ ਜੋ ਕੁਝ ਵਾਪਰ ਰਿਹਾ ਤੇ ਲੋਕ ਭੰਬਲਭੂਸੇ ਵਿੱਚ ਹਨ ਖਾਸ ਕਰਕੇ ਧਾਰਮਿਕ , ਸਮਾਜਿਕ ਅਤੇ ਸ਼ਾਸਨ ਪ੍ਰਸ਼ਾਸਨ ਬਾਰੇ ਇਸ ਦਾ ਵੱਡਾ ਕਾਰਨ ਕਿ ਲੋਕਾਂ ਦੀ ਸੀਮਤ ਜਾਣਕਾਰੀ ਤੇ ਕਹਿ ਲਵੋ ਕਿ ਧਾਰਮਿਕ ਠੇਕੇਦਾਰਾਂ, ਸਮਾਜਿਕ ਕਾਰਕੁਨਾਂ ਅਤੇ ਸਰਕਾਰੀ ਅਧਿਕਾਰੀਆਂ ਨੇ ਲੋਕਾਂ ਦਾ ਗਿਆਨ ਅਧੂਰਾ ਰੱਖਿਆ ਤਾਂ ਕਿ ਕੋਈ ਸਵਾਲ ਪੁੱਛਣ ਦੀ ਹਿੰਮਤ ਨਾ ਰੱਖੇ।
ਜਿਵੇਂ——
ਧਰਮ ਜੀਵਨ ਜਾਚ ਹੈ ਜਿਸ ਦੀ ਪ੍ਰੈਕਟਿਸ ਕਰਨੀ ਹੁੰਦੀ ਪਰ ਬਹੁਤੇ ਥਾਵਾਂ ਧਾਰਮਿਕ ਸੰਸਥਾਵਾਂ ਅਤੇ ਕਥਿਤ ਬਾਬਿਆਂ ਨੇ ਪੂਜਣ ਲਾ ਦਿੱਤਾ ਜਾਂ ਮੱਸਿਆ ਸੰਗਰਾਂਦ , ਨਿਤਨੇਮ ਅਤੇ ਰੋਜ਼ਾਨਾ ਹੁਕਮਨਾਮਿਆਂ ਤੇ ਲਾ ਦਿੱਤਾ ਉੱਪਰੋਂ ਲੋੜਵੰਦਾਂ ਦੀ ਮਦਦ ਨਾ ਕਰਕੇ , ਸੜਕਾਂ ਤੇ ਰੰਗ ਬਰੰਗੇ ਖਾਣਿਆਂ ਨੂੰ ਲੰਗਰ ਕਹਿ ਦਾਨ ਕਹਿ ਦਿੱਤਾ ।
ਇਸੇ ਤਰ੍ਹਾਂ ਸਿਆਸਤ ਦਾ ਮਤਲਬ ਲੋਕਾਂ ਦੇ ਕੰਮ ਜੋ ਨੇਤਾਵਾਂ ਨੇ ਕੀਤੇ ਅਤੇ ਆਉਣ ਵਾਲੇ ਸਮੇਂ ਵਿੱਚ ਕਰਨੇ ਪਰ ਬਹੁਤਿਆਂ ਨੇਤਾਵਾਂ ਨੇ ਵਿਆਹਾਂ ਭੋਗਾਂ ਅਰਦਾਸਾਂ ਤੇ ਹਾਜਰੀ ਲਵਾਉਣੀ ਜਾਂ ਫਿਰ ਸਰਕਾਰੀ ਦਫ਼ਤਰਾਂ ਵਿੱਚ ਗੁੰਡਾਗਰਦੀ ਨੂੰ ਹੀ ਸਿਆਸਤ ਕਹਿ ਪ੍ਰਚਾਰਿਆ ਜੋ ਅੱਜ ਦੇ ਰਾਜਨੀਤਕ ਹਾਲਾਤਾਂ ਲਈ ਜ਼ਿੰਮੇਵਾਰ ਬਣਿਆ ।
ਰਹਿੰਦ ਖੂਹਿੰਦ ਕਥਿਤ ਸਮਾਜ ਸੇਵੀਆਂ ਜਾਂ ਮਤਲਬੀ ਵਿਦਵਾਨਾਂ ਨੇ ਗਲਤ ਅੰਕੜੇ ਅਤੇ ਅੱਧੇ ਅਧੂਰੇ ਗਿਆਨ ਨਾਲ ਲੋਕਾਂ ਨੂੰ ਭੰਬਲਭੂਸੇ ਪਾ ਕੇ ਮਗਰ ਲਾ ਰੱਖਿਆ ।
ਉਪਰੋਕਤ ਨੂੰ ਠੰਡੇ ਦਿਮਾਗ਼ ਨਾਲ ਸੋਚੋ ਤਾਂ ਲੱਗਦਾ ਕਿ ਪੜ੍ਹਨ ਪੜਾਉਣ ਵਾਲੇ , ਸਿੱਖਣ ਸਿਖਾਉਣ ਵਾਲੇ ਤੇ ਪ੍ਰੈਕਟਿਸ ਕਰਨ ਵਾਲੇ ਬਹੁਤੇ ਸੀਮਤ ਗਿਆਨ ਦੇ ਮਾਲਕ ਹਨ ਤਾਂ ਫਿਰ ਅਸਲੀਅਤ ਤੱਕ ਕਿਵੇਂ ਪਹੁੰਚਾਂਗੇ ਅਤੇ ਪ੍ਰੈਕਟਿਸ ਕਿਸ ਦੀ ਕਰਾਂਗੇ ?
ਇਸ ਵਿਸ਼ੇ ਤੇ ਅਥਾਹ ਕਹਾਣੀਆਂ, ਪ੍ਰੈਕਟਿਸਾਂ ਅਤੇ ਉਹਨਾਂ ਦੇ ਅਸਰਾਂ ਬਾਰੇ ਲਿਖਿਆ ਜਾ ਸਕਦਾ ਪਰ ਫਿਰ ਯਾਦ ਰੱਖਣ ਦੀ ਜ਼ਰੂਰਤ ਹੈ ਕਿ
“ ਜੋ ਅੱਖੀਂ ਡਿੱਠਾ ਉਹ ਸੱਚ ਬਾਕੀ ਸਭ ਸ਼ੱਕ।”
ਇਸ ਸਧਾਰਨ ਜਿਹੇ ਫਾਰਮੂਲੇ ਤੇ ਕੰਮ ਕਰਨਾ ਚਾਹੀਦਾ ਨਾ ਕਿ ਹਰ ਸਮੇਂ ਕਥਾ ਕਹਾਣੀਆਂ ਤੇ ਨਿਰਭਰ ਕਰਕੇ ਸਮਾਂ ਟਪਾਉਣਾ ਅਤੇ ਅੰਨ੍ਹੀ ਜ਼ਿੱਦ ਕਰਨੀ ਚਾਹੀਦੀ ।


