ਰਾਘਵ ਚੱਢਾ ਅਤੇ ਸੰਦੀਪ ਪਾਠਕ ਸਮੇਤ ਆਮ ਆਦਮੀ ਪਾਰਟੀ ਦੇ 7 ਰਾਜਸਭਾ ਮੈਂਬਰਾਂ ਦੇ AAP ਛੱਡਣ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਜਨਤਾ ਪਾਰਟੀ (BJP) ਤੇ ਤਿੱਖੇ ਹਮਲੇ ਬੋਲੇ। ਉਨ੍ਹਾਂ ਕਿਹਾ ਕਿ ਬੀਜੇਪੀ ਜਿਸ ਨਾਲ ਰਲੇਵਾਂ ਕਰਦੀ ਹੈ, ਉਸਨੂੰ ਖਾ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਸੱਤ ਬੰਦੇ ਪਾਰਟੀ ਨਹੀਂ ਸਨ। ਇਨ੍ਹਾਂ ਗੱਦਾਰਾਂ ਦੇ ਜਾਣ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੇ ਪਿਆਰ ਦੀ ਕੋਈ ਕੀਮਤ ਨਹੀਂ ਹੈ। ਕਿਸੇ ਵੀ ਕਰੰਸੀ ਨਾਲ ਪੰਜਾਬ ਦੇ ਲੋਕਾਂ ਦਾ ਪਿਆਰ ਨਹੀਂ ਖਰੀਦਿਆ ਜਾ ਸਕਦਾ। ਉਨ੍ਹਾਂ ਨੇ ਬੀਜੇਪੀ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਉਨ੍ਹਾਂ ਤੇ ਛਾਪਾ ਮਾਰ ਕੇ ਦਿਖਾਉਣ।
ਸੀਐਮ ਮਾਨ ਨੇ ਕਿਹਾ, “ਪਾਰਟੀ ਵੱਡੀ ਹੁੰਦੀ ਹੈ, ਸੰਗਠਨ ਵੱਡਾ ਹੁੰਦਾ ਹੈ, ਵਿਅਕਤੀ ਨਹੀਂ। ਇਹ ਛੇ-ਸੱਤ ਲੋਕ ਜੋ ਗਏ ਹਨ, ਉਨ੍ਹਾਂ ਨੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਨੂੰ ਇੱਥੇ ਬੈਠੇ-ਬੈਠੇ ਅਹੁਦੇ ਮਿਲ ਗਏ, ਉਨ੍ਹਾਂ ਨੂੰ ਕਿਸੇ ਤੋਂ ਵੋਟਾਂ ਮੰਗਣ ਦੀ ਲੋੜ ਨਹੀਂ ਪਈ। ਹੁਣ ਉਹ ਉੱਥੇ ਆਪਣੇ ਰਾਜਨੀਤਿਕ ਹਿੱਤਾਂ ਲਈ ਨਹੀਂ, ਆਪਣੀਆਂ ਜਾਨਾਂ ਬਚਾਉਣ ਲਈ ਗਏ ਹਨ।। ਪਰ ਉੱਥੇ ਵੀ ਉਨ੍ਹਾਂ ਦਾ ਕੁਝ ਨਹੀਂ ਹੋਵੇਗਾ। ਉਨ੍ਹਾਂ ਦਾ ਇਸਤੇਮਾਲ ਕਰਕੇ ਛੱਡ ਦਿੱਤਾ ਜਾਵੇਗਾ।
ਸੀਐਮ ਮਾਨ ਨੇ ਬੀਜੇਪੀ ਵਿੱਚ ਕਾਂਗਰਸ ਤੋਂ ਬੀਜੇਪੀ ਵਿੱਚ ਸ਼ਾਮਲ ਹੋਏ ਕੈਪਟਨ ਅਮਰਿੰਦਰ ਸਿੰਘ, ਮਨਪ੍ਰੀਤ ਬਾਦਲ ਵਰਗ੍ਹੇ ਵੱਡੇ ਚੇਹਰਿਆਂ ਦੀ ਮਿਸਾਲ ਦਿੰਦਿਆਂ ਕਿਹਾ ਕਿ ਇਨ੍ਹਾਂ ਦਾ ਕੀ ਹਾਲ ਹੋਇਆ ਹੈ। ਇੰਝ ਹੀ ਇਨ੍ਹਾਂ ਸੱਤਾਂ ਨੂੰ ਵੀ ਰੰਗ ਲਗਾ ਕੇ ਕੰਡੇ ਲਾ ਦਿੱਤਾ ਜਾਵੇਗਾ। ਬੀਜੇਪੀ ਹਮੇਸ਼ਾ ਇੰਝ ਹੀ ਕਰਦੀ ਆਈ ਹੈ। ਇਨ੍ਹਾਂ ਸੱਤਾਂ ਨੂੰ ਵੀ ਰੰਗ ਲਗਾ ਕੇ ਛੱਡ ਦੇਵੇਗੀ। ਇਹ ਲੋਕ ਕਿਧਰੇ ਜੋਗੇ ਨਹੀਂ ਰਹਿਣਗੇ।
ਇਨ੍ਹਾਂ ਦੇ ਜਾਣ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ – ਸੀਐਮ ਮਾਨ
ਸੀਐਮ ਮਾਨ ਨੇ ਕਿਹਾ ਕਿ ਥੋੜਾ ਦੁੱਖ ਜਰੂਰ ਹੋਇਆ ਹੈ। ਜਦੋਂ ਪਾਰਟੀ ਬਣਾਈ ਸੀ, ਤਾਂ ਇਹ ਲੋਕ ਆਪਣੇ ਕੰਮਾਂ ਵਿੱਚ ਰੁੱਝੇ ਹੋਏ ਸਨ। ਰਾਘਵ ਚੱਢਾ ਨੂੰ ਜਲ ਬੋਰਡ ਦਾ ਚੇਅਰਮੈਨ ਬਣਾਇਆ ਸੀ।ਵੋਟਾਂ ਮੰਗੇ ਬਿਨਾਂ ਉਨ੍ਹਾਂ ਨੂੰ ਰਾਜ ਸਭਾ ਮੈਂਬਰ ਬਣਾਇਆ। ਇੱਕ ਜਾਂ ਦੋ ਲੋਕਾਂ ਦੇ ਜਾਣ ਨਾਲ ਪਾਰਟੀ ਨੂੰ ਕੋਈ ਫ਼ਰਕ ਨਹੀਂ ਪੈਂਦਾ।” ਇਨ੍ਹਾਂ ਦਾ ਲੋਕਾਂ ਵਿੱਚ ਕੋਈ ਆਧਾਰ ਨਹੀਂ ਹੈ। ਇਹ ਤਾਂ ਰਾਜਸਭਾ ਮੈਂਬਰ ਸਨ। ਇਨ੍ਹਾਂ ਦਾ ਪਬਲਿਕ ਨਾਲ ਕੋਈ ਲਿੰਕ ਨਹੀਂ ਹੈ। ਇਨ੍ਹਾਂ ਦਾ ਕੋਈ ਵੋਟ ਬੈਂਕ ਹੀ ਨਹੀਂ ਹੈ। ਇਨ੍ਹਾਂ ਨੂੰ ਤਾਂ ਬੈਠੇ ਬਿਠਾਏ ਪੰਜਾਬ ਦੀ ਨੁਮਾਇੰਦਿਗੀ ਕਰਨ ਦਾ ਮੌਕਾ ਦਿੱਤਾ ਸੀ, ਪਰ ਇਨ੍ਹਾਂ ਨੇ ਪੰਜਾਬੀਆਂ ਨਾਲ ਧੋਖਾ ਕਰ ਦਿੱਤਾ, ਇਹ ਬੜੀ ਮਾੜੀ ਗੱਲ ਹੈ। ਹੁਣ ਇਹ ਕਿਹੜੇ ਮੁੰਹ ਨਾਲ ਪੰਜਾਬ ਆਉਣਗੇ।
ਉਨ੍ਹਾਂ ਕਿਹਾ ਕਿ ਜਦੋਂ ਕਿਸੇ ਨੇ ਪਾਰਟੀ ਨੂੰ ਛੱਡਣੀ ਹੁੰਦੀ ਹੈ ਤਾਂ ਉਨ੍ਹਾਂ ਦਾ ਦੱਮ ਘੁੱਟਣ ਲੱਗਦਾ ਹੈ। ਸਾਨੂੰ ਤਾਂ ਸਮਝ ਨਹੀਂ ਆਉਂਦੀ ਕਿ ਪਾਰਟੀ ਅਜਿਹੀ ਕਿਹੜੀ ਹਵਾ ਛੱਡਦੀ ਹੈ ਜਿਹੜਾ ਇਨ੍ਹਾਂ ਦਾ ਦੱਮ ਘੁੱਟਣ ਲੱਗਦਾ। ਉਨ੍ਹਾਂ ਕਿਹਾ ਕਿ ਪਾਰਟੀ ਇਨ੍ਹਾ ਸੱਤ ਲੋਕਾਂ ਦੀ ਨਹੀਂ ਹੈ, ਸਾਡੀ ਪਾਰਟੀ ਨੈਸ਼ਨਲ ਲੇਵਲ ਦੀ ਹੈ, ਇਨ੍ਹਾਂ ਦੇ ਜਾਣ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ।










