ਪੰਜਾਬ ਵਿੱਚ ਮਰਦਮਸ਼ੁਮਾਰੀ ਨੂੰ ਲੈ ਕੇ ਵਿਭਾਗ ਨੇ ਕਮਰ ਕੱਸ ਲਈ ਹੈ। ਪਹਿਲੇ ਪੜਾਅ ਤਹਿਤ ਮਕਾਨਾਂ ਦੀ ਸੂਚੀ ਅਤੇ ਰਿਹਾਇਸ਼ੀ ਗਣਨਾ ਦਾ ਕੰਮ 15 ਮਈ 2026 ਤੋਂ ਸ਼ੁਰੂ ਹੋ ਕੇ 13 ਜੂਨ 2026 ਤੱਕ ਚੱਲੇਗਾ।
ਲੋਕਲ ਬਾਡੀ ਵਿਭਾਗ ਦੇ ਸਕੱਤਰ ਮਨਜੀਤ ਸਿੰਘ ਬਰਾੜ ਅਤੇ ਮਰਦਮਸ਼ੁਮਾਰੀ ਨਿਰਦੇਸ਼ਕ ਨਵਜੋਤ ਖੋਸਾ ਨੇ ਦੱਸਿਆ ਕਿ 30 ਅਪ੍ਰੈਲ ਤੋਂ 14 ਮਈ ਤੱਕ ਲੋਕ ਖ਼ੁਦ ਆਨਲਾਈਨ ਜਾਣਕਾਰੀ ਭਰ ਸਕਣਗੇ, ਜਿਸ ਨੂੰ ‘ਸਵੈ-ਗਣਨਾ’ (Self-Enumeration) ਦਾ ਨਾਂ ਦਿੱਤਾ ਗਿਆ ਹੈ।
ਪਹਿਲੀ ਵਾਰ ਹੋਵੇਗੀ ਡਿਜੀਟਲ ਮਰਦਮਸ਼ੁਮਾਰੀ
ਇਹ ਦੇਸ਼ ਦੀ ਪਹਿਲੀ ਡਿਜੀਟਲ ਮਰਦਮਸ਼ੁਮਾਰੀ ਹੋਵੇਗੀ, ਜਿਸ ਵਿੱਚ ਡੇਟਾ ਇਕੱਠਾ ਕਰਨ ਲਈ ਮੋਬਾਈਲ ਐਪ ਅਤੇ ਡਿਜੀਟਲ ਮੈਪਿੰਗ ਦੀ ਵਰਤੋਂ ਕੀਤੀ ਜਾਵੇਗੀ। ਇਸ ਦੌਰਾਨ ਕਰਮਚਾਰੀ ਘਰ ਦੀ ਸਥਿਤੀ, ਬਿਜਲੀ-ਪਾਣੀ ਦੀ ਸਹੂਲਤ, ਵਾਹਨ ਅਤੇ ਹੋਰ ਸਾਧਨਾਂ ਨਾਲ ਜੁੜੇ ਕੁੱਲ 33 ਸਵਾਲ ਪੁੱਛਣਗੇ। ਅਸਲ ਜਨਸੰਖਿਆ ਦੀ ਗਿਣਤੀ ਦਾ ਦੂਜਾ ਪੜਾਅ 9 ਫਰਵਰੀ 2027 ਤੋਂ ਸ਼ੁਰੂ ਹੋਵੇਗਾ।
67,000 ਕਰਮਚਾਰੀਆਂ ਦੀ ਹੋਈ ਨਿਯੁਕਤੀ
ਇਸ ਕਾਰਜ ਲਈ ਪੰਜਾਬ ਵਿੱਚ ਲਗਭਗ 67,000 ਐਨਿਊਮਰੇਟਰ (ਗਣਨਾਕਾਰ) ਅਤੇ ਸੁਪਰਵਾਈਜ਼ਰ ਤਾਇਨਾਤ ਕੀਤੇ ਗਏ ਹਨ। ਇਨ੍ਹਾਂ ਵਿੱਚ ਸਕੂਲ ਅਧਿਆਪਕ, ਕਲਰਕ ਅਤੇ ਸਥਾਨਕ ਸਰਕਾਰਾਂ ਦੇ ਅਧਿਕਾਰੀ ਸ਼ਾਮਲ ਹਨ। ਇੱਕ ਐਨਿਊਮਰੇਟਰ ਨੂੰ ਲਗਭਗ 700 ਤੋਂ 800 ਲੋਕਾਂ ਦਾ ਡੇਟਾ ਇਕੱਠਾ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਸਾਵਧਾਨੀਆਂ ਅਤੇ ਹਦਾਇਤਾਂ
ਪ੍ਰਸ਼ਾਸਨ ਨੇ ਸਵੈ-ਗਣਨਾ ਕਰਨ ਵਾਲੇ ਲੋਕਾਂ ਲਈ ਕੁਝ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ:
ਪੋਰਟਲ ਦਾ ਸਮਾਂ: ਸਵੈ-ਗਣਨਾ ਵਾਲਾ ਪੋਰਟਲ ਸਵੇਰੇ 6 ਵਜੇ ਤੋਂ ਰਾਤ 12 ਵਜੇ ਤੱਕ ਹੀ ਸਰਗਰਮ ਰਹੇਗਾ।
ਗੁਪਤ ਜਾਣਕਾਰੀ: ਆਪਣਾ ਲੌਗਇਨ OTP ਕਿਸੇ ਨਾਲ ਸਾਂਝਾ ਨਾ ਕਰੋ। ਧਿਆਨ ਰਹੇ ਕਿ ਇਸ ਪ੍ਰਕਿਰਿਆ ਲਈ ਬੈਂਕ ਡਿਟੇਲ ਜਾਂ ਪੈਨ ਕਾਰਡ ਵਰਗੇ ਸੰਵੇਦਨਸ਼ੀਲ ਦਸਤਾਵੇਜ਼ਾਂ ਦੀ ਲੋੜ ਨਹੀਂ ਹੈ।
ਸਹੀ ਜਾਣਕਾਰੀ: ਪਰਿਵਾਰ ਦੇ ਮੁਖੀ ਦਾ ਨਾਂ ਸਹੀ ਭਰੋ ਅਤੇ ਆਪਣੀ ਲੋਕੇਸ਼ਨ ਮੈਪ ’ਤੇ ਬਿਲਕੁਲ ਸਹੀ ਚੁਣੋ।
ਸਫਲਤਾ ਸੰਦੇਸ਼: ਪ੍ਰਕਿਰਿਆ ਤਦ ਹੀ ਮੁਕੰਮਲ ਮੰਨੀ ਜਾਵੇਗੀ ਜਦੋਂ ਸਕ੍ਰੀਨ ’ਤੇ SE ID ਦੇ ਨਾਲ ਸਫ਼ਲਤਾ ਦਾ ਸੰਦੇਸ਼ ਆਵੇਗਾ।










